ਪਾਕਿਸਤਾਨ ਵਿੱਚ ਮਨੀਸ਼ਾ ਰੂਪਤਾ ਨੂੰ ਪਹਿਲੀ ਹਿੰਦੂ ਮਹਿਲਾ ਡੀ ਐਸ ਪੀ ਦੇ ਤੌਰ ਉੱਤੇ ਨਿਯੁਕਤ ਕੀਤਾ ਗਿਆ ਹੈ, ਜਿਸ ਦੇ ਹਰ ਪਾਸੇ ਚਰਚੇ ਹਨ। ਸਿੰਧ ਪਬਲਿਕ ਸਰਵਿਸ ਦੀ ਪ੍ਰੀਖਿਆ ਪਾਸ ਕਰਨ ਅਤੇ ਸਿਖਲਾਈ ਹਾਸਲ ਕਰਨ ਦੇ ਬਾਅਦ ਉਨ੍ਹਾਂ ਨੇ ਇਹ ਪ੍ਰਾਪਤੀ ਹਾਸਲ ਕੀਤੀ ਹੈ।
ਵਰਨਣ ਯੋਗ ਹੈ ਕਿ ਪਾਕਿਸਤਾਨ ਵਿੱਚ ਆਮ ਤੌਰ ਉੱਤੇ ਔਰਤਾਂ ਪੁਲਸ ਸਟੇਸ਼ਨਾਂ ਅਤੇ ਅਦਾਲਤਾਂ ਅੰਦਰ ਨਹੀਂ ਜਾਂਦੀਆਂ। ਇਨ੍ਹਾਂ ਥਾਂਵਾਂ ਨੂੰ ਔਰਤਾਂ ਲਈ ਢੁੱਕਵਾਂ ਨਹੀਂ ਮੰਨਿਆ ਜਾਂਦਾ, ਅਜਿਹੇ ਮਾਹੌਲ ਵਿੱਚ ਮਨੀਸ਼ਾ ਨੇ ਪੁਲਸ ਵਿੱਚ ਭਰਤੀ ਹੋਣ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ ਕਿ ਉਹ ਇਸ ਧਾਰਨਾਂ ਨੂੰ ਬਦਲਣਾ ਚਾਹੁੰਦੀ ਹੈ ਕਿ ਚੰਗੇ ਪਰਵਾਰਾਂ ਦੀਆਂ ਕੁੜੀਆਂ ਥਾਣੇ ਨਹੀਂ ਜਾਂਦੀਆਂ।
ਸਿੰਧ ਜ਼ਿਲ੍ਹੇ ਦੇ ਪਛੜੇ ਅਤੇ ਛੋਟੇ ਜ਼ਿਲ੍ਹੇ ਜਾਕੂਬਾਬਾਦ ਦੀ ਮਨੀਸ਼ਾ ਨੇ ਇੱਥੋਂ ਹੀ ਆਪਣੀ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਹਾਸਲ ਕੀਤੀ ਸੀ। ਉਸ ਨੇ ਡਾਕਟਰ ਬਣਨ ਦੀ ਕੋਸ਼ਿਸ਼ ਕੀਤੀ, ਪਰ ਸਿਰਫ਼ ਇੱਕ ਨੰਬਰ ਘੱਟ ਹੋਣ ਨਾਲ ਉਨ੍ਹਾਂ ਨੂੰ ਦਾਖ਼ਲਾ ਨਹੀਂ ਮਿਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਡਾਕਟਰ ਆਫ ਫਿਜ਼ੀਕਲ ਥੈਰੇਪੀ ਦੀ ਡਿਗਰੀ ਲਈ ਅਤੇ 438 ਸਫ਼ਲ ਬਿਨੈਕਾਰਾਂ ਵਿੱਚੋਂ 16ਵਾਂ ਰੈਕ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਪੁਲਸ ਦੇ ਪੇਸ਼ੇ ਨੂੰ ਔਰਤਾਂ ਨਾਲ ਜੋੜਨਾ ਸੀ। ਪੀੜਤਾਂ ਵਿੱਚ ਜ਼ਿਆਦਾਤਰ ਔਰਤਾਂ ਹਨ, ਇਸ ਲਈ ਉਨ੍ਹਾਂ ਦੀ ਸੁਰੱਖਿਆ ਲਈ ਔਰਤਾਂ ਹੋਣੀਆਂ ਚਾਹੀਦੀਆਂ ਹਨ।