ਕਥਿਤ ਕਾਂਟਰੈਕਟਰ ਸਕੈਮ ਦੇ ਚੱਲਦਿਆਂ ਮਿਸੀਸਾਗਾ ਦੇ ਇੱਕ ਵਿਅਕਤੀ ਨੂੰ ਫਰੌਡ ਦੇ ਚਾਰਜਿਜ਼ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।ਇਸ ਸਕੈਮ ਕਾਰਨ ਦੋ ਸਾਲ ਦੇ ਅਰਸੇ ਵਿੱਚ ਲੋਕਾਂ ਨੂੰ ਇੱਕ ਮਿਲੀਅਨ ਡਾਲਰ ਦਾ ਚੂਨਾ ਲੱਗਿਆ।
ਪੀਲ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਸਕੈਮ ਵਿੱਚ ਗ੍ਰੇਟਰ ਟੋਰਾਂਟੋ ਏਰੀਆ (ਜੀਟੀਏ) ਦੇ ਕਈ ਰੈਜ਼ੀਡੈਂਟਸ ਨੂੰ ਨਿਸ਼ਾਨਾ ਬਣਾਇਆ ਗਿਆ।ਸੋਮਵਾਰ ਨੂੰ ਅਧਿਕਾਰੀਆਂ ਨੇ ਦੱਸਿਆ ਕਿ ਕਈ ਹੋਰਨਾਂ ਵਿਅਕਤੀਆਂ ਵੱਲੋਂ ਇਸ ਸ਼ਖਸ ਨੂੰ ਉਨ੍ਹਾਂ ਨਾਲ ਕੀਤੇ ਫਰੌਡ ਲਈ ਜਿ਼ੰਮੇਵਾਰ ਦੱਸਣ ਤੋਂ ਬਾਅਦ ਇਹ ਜਾਂਚ ਮੁੱਕੀ।
ਪੁਲਿਸ ਨੇ ਦੋਸ਼ ਲਾਇਆ ਕਿ ਮਿਸੀਸਾਗਾ ਦਾ 58 ਸਾਲਾ ਮਿਲੈਂਤਜ਼ੇ ਦੌਰਜ਼ੇਵਿਕ ਖੁਦ ਦੇ ਕਾਂਟਰੈਕਟਰ ਹੋਣ ਦਾ ਦਾਅਵਾ ਕਰਦਾ ਸੀ ਤੇ ਘਰਾਂ ਦੀ ਮੁਰੰਮਤ ਤੇ ਹੋਰ ਕਈ ਤਰ੍ਹਾਂ ਦੀਆਂ ਸੇਵਾਵਾਂ ਦੇਣ ਦਾ ਕੰਮ ਕਰਨ ਲਈ ਠੇਕਾ ਲੈ ਲੈਂਦਾ ਸੀ।ਅਧਿਕਾਰੀਆਂ ਨੇ ਦੱਸਿਆ ਕਿ ਦੌਰਜੇ਼ਵਿਕ ਲੋਕਾਂ ਤੋਂ ਪੈਸੇ ਆਪ ਲੈਂਦਾ ਸੀ ਤੇ ਕੰਮ ਅੱਗੇ ਹੋਰ ਨਿੱਕੇ ਮੋਟੇ ਠੇਕੇਦਾਰਾਂ ਨੁੰ ਦੇ ਦਿੰਦਾ ਸੀ। ਜਾਂਚਕਾਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਸ ਸ਼ਖਸ ਨੇ ਕਈ ਲੋਕਾਂ ਤੋਂ ਪੈਸੇ ਤਾਂ ਲੈ ਲਏ ਪਰ ਕੰਮ ਕਦੇ ਸ਼ੁਰੂ ਹੀ ਨਹੀਂ ਕੀਤਾ।
ਪੁਲਿਸ ਵੱਲੋਂ ਦੌਰਜ਼ੇਵਿਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੂੰ ਲੋਕਾਂ ਨਾਲ ਫਰੌਡ ਕਰਨ ਤੇ ਚਾਰ ਲੋਕਾਂ ਨਾਲ 500,00 ਡਾਲਰ ਤੋਂ ਉੱਪਰ ਦੀ ਘਪਲੇਬਾਜ਼ੀ ਕਰਨ ਦੇ ਮਾਮਲੇ ਵਿੱਚ ਚਾਰਜ ਕੀਤਾ ਗਿਆ।