ਟੋਰਾਂਟੋ ਰੀਜਨਲ ਰੀਅਲ ਅਸਟੇਟ ਬੋਰਡ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਟੋਰਾਂਟੋ ਵਿੱਚ ਘਰਾਂ ਦੀ ਵਿੱਕਰੀ 34 % ਘਟੀ ਹੈ, ਪਰ ਇਹ ਜੁਲਾਈ ਦੇ ਮਹੀਨੇ ਨਾਲੋਂ 15 % ਵੱਧ ਹੈ। ਮੰਨਿਆ ਜਾ ਰਿਹਾ ਹੈ ਕਿ ਘਰਾਂ ਦੀ ਮਾਰਕਿਟ ਸਸਤੀ ਹੋਣ ਕਾਰਨ ਲੋਕ ਜਲਦ ਤੋਂ ਜਲਦ ਘਰ ਖਰੀਦਣ ਦੀ ਕੋਸਿ਼ਸ਼ ਕਰ ਰਹੇ ਹਨ।
ਬੋਰਡ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਮਹੀਨੇ ਘਰਾਂ ਦੀ ਵਿੱਕਰੀ 5,627 ਰਹੀ ਜੋ ਕਿ ਪਿਛਲੀ ਅਗਸਤ ਵਿੱਚ 8549 ਸੀ ਤੇ ਜੁਲਾਈ 2022 ਵਿੱਚ 4900 ਸੀ। ਪਿਛਲੇ ਚਾਰ ਮਹੀਨਿਆਂ ਦੇ ਮੁਕਾਬਲੇ ਇਸ ਮਹੀਨੇ ਕੀਮਤਾਂ ਵਿੱਚ ਸਭ ਤੋਂ ਜਿ਼ਆਦਾ ਕਮੀ ਪਾਈ ਗਈ। ਇਸ ਨਾਲ ਘਰ ਖਰੀਦਣ ਦੀ ਉਮੀਦ ਲਾਈ ਬੈਠੇ ਲੋਕਾਂ ਨੂੰ ਵੀ ਆਸ ਬੱਝੀ ਹੈ ਤੇ ਉਹ ਘਰਾਂ ਦੀਆਂ ਕੀਮਤਾਂ ਹੋਰ ਹੇਠਾਂ ਆਉਣ ਦੀ ਉਡੀਕ ਵਿੱਚ ਹਨ।
ਸਲਾਨਾ ਔਸਤ ਦੇ ਹਿਸਾਬ ਨਾਲ ਘਰਾਂ ਦੀ ਕੀਮਤ ਦਾ ਸੂਚਕਾਂਕ 8·9% ਦੇ ਹਿਸਾਬ ਨਾਲ ਉੱਪਰ ਸੀ ਤੇ ਹਰੇਕ ਤਰ੍ਹਾਂ ਦੇ ਘਰਾਂ ਦੀ ਔਸਤ ਸੈਲਿੰਗ ਪ੍ਰਾਈਸ 0·9 % ਦੇ ਹਿਸਾਬ ਨਾਲ 1,079,500 ਡਾਲਰ ਸੀ। ਜੁਲਾਈ ਦੇ ਮੁਕਾਬਲੇ ਇਹ ਸੂਚਕਾਂਕ ਘੱਟ ਸੀ।
TRREB ਨੇ ਕਿਹਾ ਕਿ ਔਸਤ ਕੀਮਤ ਵਿੱਚ ਮਹੀਨਾਵਾਰੀ ਹੋਏ ਵਾਧੇ ਦੇ ਨਾਲ-ਨਾਲ ਸੂਚਕਾਂਕ ਦਾ ਡਿੱਗਣਾ ਇਹ ਦਰਸਾਉਂਦਾ ਹੈ ਕਿ ਅਗਸਤ ਦੇ ਮਹੀਨੇ ਵਧੇਰੇ ਮਹਿੰਗੇ ਘਰਾਂ ਦੀ ਵਿੱਕਰੀ ਹੋਈ।