ਕੈਨੇਡਾ ਵਿੱਚ ਗਰੌਸਰੀ ਤੋਂ ਲੈ ਕੇ ਕਾਰ ਲੋਨਜ਼ ਤੱਕ ਮਹਿੰਗਾਈ ਕੈਨੇਡੀਅਨਾਂ ਨੂੰ ਲਗਾਤਾਰ ਤੰਗ ਕਰ ਰਹੀ ਹੈ।ਪਰ ਇਸ ਸਰਦੀ ਵਿੱਚ ਘਰਾਂ ਦੀ ਹੀਟਿੰਗ ਦੀ ਕੀਮਤ ਵਿੱਚ 30 ਫੀ ਸਦੀ ਤੱਕ ਵਾਧਾ ਹੋ ਸਕਦਾ ਹੈ। ਇਹ ਕੀਮਤ ਨੈਚੂਰਲ ਗੈਸ ਦੀਆਂ ਕੀਮਤਾਂ ਨਾਲ ਜੁੜੀ ਹੋਈ ਹੈ ਤੇ ਬਹੁਤੇ ਡਰਾਈਵਰ ਇਹ ਜਾਣਦੇ ਹਨ ਕਿ 2022 ਵਿੱਚ ਇਨ੍ਹਾਂ ਕੀਮਤਾਂ ਵਿੱਚ ਕਿੰਨਾ ਵਾਧਾ ਹੋਇਆ ਹੈ।ਜੂਨ ਵਿੱਚ ਓਨਟਾਰੀਓ ਐਨਰਜੀ ਬੋਰਡ ਨੇ ਐਨਬ੍ਰਿੱਜ ਵਰਗੀਆਂ ਕੰਪਨੀਆਂ ਲਈ ਨੈਚੂਰਲ ਗੈਸ ਵਿੱਚ 20 ਫੀ ਸਦੀ ਵਾਧੇ ਨੂੰ ਮਨਜ਼ੂਰੀ ਦਿੱਤੀ ਸੀ। ਕੀਮਤਾਂ ਵਿੱਚ ਇਹ ਵਾਧਾ ਰੂਸ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਕਾਰਨ ਵੀ ਹੋਵੇਗਾ ਕਿਉਕਿ ਰੂਸ ਨੈਚੂਰਲ ਗੈਸ ਦਾ ਵੱਡਾ ਉਤਪਾਦਕ ਹੈ।
ਕੈਨੇਡਾ ਵਿੱਚ ਇਸ ਵਾਰੀ ਸਰਦ ਰੁੱਤ ਕਾਫੀ ਠੰਢੀ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ, ਜਿਸ ਨਾਲ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ। ਓਨਟਾਰੀਓ ਐਨਰਜੀ ਬੋਰਡ ਦਾ ਕਹਿਣਾ ਹੈ ਕਿ ਐਨਬ੍ਰਿਜ ਦੇ ਔਸਤ ਕਸਟਮਰ ਵੱਲੋਂ ਹੀਟਿੰਗ ਲਈ ਮਹੀਨੇ ਦੇ 126 ਡਾਲਰ ਦਿੱਤੇ ਜਾਂਦੇ ਹਨ। ਬੈਂਕ ਆਫ ਕੈਨੇਡਾ ਵੱਲੋਂ ਬੁੱਧਵਾਰ ਨੂੰ ਆਪਣੀਆਂ ਉਧਾਰ ਦੇਣ ਸਬੰਧੀ ਦਰਾਂ ਵਿੱਚ ਇੱਕ ਪਰਸੈਂਟੇਜ ਪੁਆਇੰਟ ਦਾ ਤਿੰਨ ਚੌਥਾਈ ਵਾਧਾ ਕੀਤਾ ਗਿਆ ਹੈ। ਵੱਧ ਰਹੇ ਕਰਜ਼ੇ ਦੇ ਇਸ ਦੌਰ ਵਿੱਚ ਇਸ ਵਾਧੇ ਨਾਲ ਪੈਸਾ ਉਧਾਰ ਲੈਣਾ ਹੋਰ ਵੀ ਮਹਿੰਗਾ ਹੋ ਜਾਵੇਗਾ।