ਕੈਨੇਡਾ ਦੀ ਭੱਲ ਪਚਣੀ ਤਾਂ ਚਾਹੀਦੀ ਹੈ ਪਰ ਪਚਦੀ ਕਿੱਥੇ ਐ!
(ਸਤਪਾਲ ਸਿੰਘ ਜੌਹਲ)- ਕੈਨੇਡਾ ਵਿੱਚ ਅਪਰਾਧਿਕ ਸਰਗਰਮੀਆਂ ਕਾਰਨ ਗ੍ਰਿਫਤਾਰ ਹੋ ਰਹੇ ਦੋਸ਼ੀਆਂ ਵਿੱਚ ਪੰਜਾਬੀਆਂ ਅਤੇ ਪੰਜਾਬਣਾਂ ਦੇ ਨਾਮ ਸ਼ਾਮਿਲ ਹੋਣ ਦੀਆਂ ਖਬਰਾਂ ਦੀ ਸਿਆਹੀ ਨਹੀਂ ਸੁੱਕ ਰਹੀ। ਇਸ ਸਾਲ ਦੌਰਾਨ ਹੀ ਹੁਣ ਤੱਕ 133 ਪੰਜਾਬੀ ਨਾਵਾਂ ਵਾਲੇ ਸ਼ੱਕੀ ਟੋਰਾਂਟੋ, ਬਰੈਂਪਟਨ, ਮਿਸੀਸਾਗਾ, ਕੈਲੇਡਨ ਸਮੇਤ ਹੋਰ ਲਾਗਲੇ ਸ਼ਹਿਰਾਂ ਤੋਂ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿੱਚ ਕੁਝ ਕੁੜੀਆਂ ਵੀ ਸ਼ਾਮਿਲ ਹਨ। ਬੀਤੇ ਲੱਗਭੱਗ ਇਕ ਹਫਤੇ ਵਿੱਚ ਹੀ ਚੋਰੀ ਦੀ ਕਾਰ, ਔਰਤ ਨਾਲ਼ ਵਧੀਕੀ ਕਰਨ, ਟਰੱਕ ਚੋਰੀ ਕਰਨ ਅਤੇ ਅੱਧੀ ਰਾਤ ਮਗਰੋਂ ਕਾਲਜ ਨੇੜੇ ਲੜਾਈ ਦੌਰਾਨ ਕਿਰਪਾਨ ਨਾਲ ਹਮਲੇ ਦੇ ਮਾਮਲਿਆਂ ਵਿੱਚ 8 ਪੰਜਾਬੀ ਨਾਮ ਚਰਚਿਤ ਹੋਏ ਹਨ ਅਤੇ 9ਵੇਂ ਨੂੰ ਗ੍ਰਿਫਤਾਰ ਕਰਨ ਲਈ ਪੀਲ ਪੁਲਿਸ ਨੇ ਵਾਰੰਟ ਜਾਰੀ ਕੀਤਾ ਹੈ। ਬਰੈਂਪਟਨ ਨਾਲ ਲੱਗਦੇ ਕੈਲੇਡਨ ਕਸਬੇ ਵਿੱਚ ਸਮਾਨ (ਫਰਨੀਚਰ) ਨਾਲ਼ ਭਰੇ ਟਰੱਕ ਚੋਰੀ ਕਰਨ ਦੇ ਦੋ ਵੱਖ ਵੱਖ ਕੇਸਾਂ ਵਿੱਚ 5 ਦਿਨਾਂ ਦੌਰਾਨ ਹੀ ਪੁਲਿਸ ਨੇ ਬਰੈਂਪਟਨ ਵਾਸੀ ਜਸਵਿੰਦਰ ਅਟਵਾਲ (44) ਨੂੰ ਗ੍ਰਿਫਤਾਰ ਕੀਤਾ ਹੈ। ਬਰੈਂਪਟਨ ਵਿੱਚ ਸ਼ੈਰੀਡਨ ਕਾਲਜ ਨੇੜੇ ਬੀਤੀ 28 ਅਗਸਤ ਨੂੰ ਅੱਧੀ ਰਾਤ ਮਗਰੋਂ ਮੁੰਡਿਆਂ ਦੀ ਲੜਾਈ ਵਿੱਚ ਕਿਰਪਾਨ ਨਾਲ ਹਮਲੇ ਦੋ ਦੋਸ਼ ਵਿੱਚ ਦੋ ਕੁ ਦਿਨ ਪਹਿਲਾਂ ਹਰਜੋਤ ਸਿੰਘ (25) ਪੁਲਿਸ ਦੇ ਹੱਥ ਆ ਚੁੱਕਾ ਹੈ ਅਤੇ ਇਸ ਕੇਸ ਵਿੱਚ ਮਨਸ਼ਰਨ ਮੱਲ੍ਹੀ (25) ਦੀ ਗ੍ਰਿਫਤਾਰੀ ਲਈ ਦੇਸ਼ ਭਰ ਵਿੱਚ ਵਾਰੰਟ ਕੱਢਿਆ ਗਿਆ ਹੈ। ਇਕ ਵੱਖਰੇ ਕੇਸ ਵਿੱਚ ਕੈਲਡਨ ਨੇੜੇ ਡਫਰਿਨ ਪੁਲਿਸ ਨੇ ਚੋਰੀ ਦੀ ਕਾਰ ਵਿੱਚ ਸੁੱਤੇ ਪਏ ਬਰੈਂਪਟਨ ਵਾਸੀ ਕਰਨਬੀਰ ਸਿੰਘ (26), ਜਿਓਰਜਟਾਊਨ ਵਾਸੀ ਵਿਕਰਮਜੀਤ ਸਿੰਘ (23), ਤੇ ਗੁਰਮੀਤ ਸਿੰਘ (23) ਗ੍ਰਿਫਤਾਰ ਕੀਤਾ। ਗ੍ਰਿਫਤਾਰੀ ਸਮੇਂ ਇਨ੍ਹਾਂ ਸ਼ੱਕੀਆਂ ਨੇ ਪੁਲਿਸ ਨੂੰ ਆਪਣੀ ਪਛਾਣ ਗਲਤ ਦੱਸਣ ਦੀ ਚੁਸਤੀ ਕੀਤੀ ਸੀ ਜਿਸ ਕਰਕੇ ਉਨ੍ਹਾਂ ਗ੍ਰਿਫਤਾਰੀ ਉਪਰੰਤ ਉਨ੍ਹਾਂ ਵਿਰੁੱਧ ਗੱਡੀ ਚੋਰੀ ਕਰਨ ਦਾ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। 27 ਅਗਸਤ ਨੂੰ ਟੋਰਾਂਟੋ ਵਿੱਚ ਇਕ ਔਰਤ ਨਾਲ਼ ਵਧੀਕੀ ਕਰਕੇ ਰੂਪੋਸ਼ ਹੋ ਗਏ ਅਰਸ਼ਵੀਰ ਬਾਠ (20), ਸੁਖਪ੍ਰੀਤ ਸਿੰਘ (25), ਅਤੇ ਨਰਿੰਦਰਪਾਲ ਔਲਖ (24) ਨੂੰ ਵੀ ਪੁਲਿਸ ਵਲੋਂ 10 ਕੁ ਦਿਨਾਂ ਦੀ ਭਾਲ਼ ਮਗਰੋਂ ਬੀਤੀ 8 ਸਤੰਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਕੇਸ ਵਿੱਚ ਦੋ ਮੁਲਜਮ ਮੁੰਡੇ ਦਸਤਾਰਧਾਰੀ ਹਨ ਅਤੇ ਉਨ੍ਹਾਂ ਦੀਆਂ ਤਸਵੀਰਾਂ ਦੇਸ਼ ਭਰ ਦੇ ਮੀਡੀਆ ਵਿੱਚ ਆਉਣ ਕਾਰਨ ਕੈਨੇਡਾ ਦੇ ਪੰਜਾਬੀ ਭਾਈਚਾਰੇ ਵਿੱਚ ਚਿੰਤਾ ਅਤੇ ਨਮੋਸ਼ੀ ਦੀ ਲਹਿਰ ਵੀ ਪਾਈ ਗਈ। ਵੈਸੇ ਕੈਨੇਡਾ ਦੀ ਭੱਲ ਪਚਣੀ ਤਾਂ ਚਾਹੀਦੀ ਹੈ ਪਰ ਪਚਦੀ ਕਿੱਥੇ ਹੈ!