ਫਰਾਂਸਵਾ ਲੈਗੋ (François Lego) ਨੇ ਵਿਧਾਨ ਸਭਾ ਚੋਣਾਂ ‘ਚ ਲਗਾਤਾਰ ਦੂਜੀ ਵਾਰ ਜਿੱਤ ਹਾਸਲ ਕੀਤੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫਰਾਂਸਵਾ ਲੈਗੋ ਨੂੰ ਦੂਜੀ ਵਾਰ ਪ੍ਰੀਮੀਅਰ ਚੁਣੇ ਜਾਣ ‘ਤੇ ਵਧਾਈ ਦਿੱਤੀ ਹੈ। ਕਿਊਬੈਕ ਦੇ ਚੋਣ ਨਤੀਜੇ ਬਿਲਕੁਲ ਚੋਣ ਸਰਵੇਖਣਾਂ ਵਰਗੇ ਰਹੇ ਜਿਨ੍ਹਾਂ ਵਿਚ ਸੱਤਾਧਾਰੀ ਧਿਰ ਨੂੰ 80 ਤੋਂ ਵੱਧ ਸੀਟਾਂ ਮਿਲਣ ਦੇ ਆਸਾਰ ਦੱਸੇ ਜਾ ਰਹੇ ਸਨ। 125 ਮੈਂਬਰਾਂ ਵਾਲੀ ਕਲੀਸ਼ਨ ਐਵਨੀਅਰ ਕਿਊਬੈਕ ਨੂੰ 90 ਸੀਟਾਂ ਮਿਲੀਆਂ ਜਦਕਿ ਵਿਰੋਧੀ ਧਿਰ ਲਿਬਰਲ ਪਾਰਟੀ 21 ਸੀਟਾਂ ਹੀ ਜਿੱਤ ਸਕੀ।
ਫਰਾਂਸਵਾ ਲੈਗੋ ਨੇ ਜਿੱਤ ਹਾਸਲ ਤੋਂ ਬਾਅਦ ਕਿਹਾ ਕਿ ਉਹ ਸੂਬੇ ਦੇ ਹਰ ਵਸਨੀਕ ਦਾ ਪ੍ਰੀਮੀਅਰ ਬਣ ਕੇ ਦਿਖਾਉਣਗੇ। ਉਨ੍ਹਾਂ ਕਿਹਾ ਕਿ ਮੁੜ ਚੁਣੀ ਗਈ CAQ ਦੀ ਸਰਕਾਰ ਆਰਥਿਕ ਮੋਰਚੇ ਸਣੇ ਵਾਤਾਵਰਣ ਤਬਦੀਲੀਆਂ ਨਾਲ ਸਬੰਧਤ ਮੋਰਚਾ ਵੀ ਮਜ਼ਬੂਤੀ ਨਾਲ ਸੰਭਾਲੇਗੀ।
ਫਰਾਂਸਵਾ ਨੇ ਹੈਲਥ ਕੇਅਰ ਸਿਸਟਮ ਨੂੰ ਵਧੇਰੇ ਕਾਰਗਰ ਬਣਾਉਣ ਦਾ ਦਾਅਵਾ ਵੀ ਕੀਤਾ। ਉਨ੍ਹਾਂ ਕਿਹਾ CAQ ਨੇ ਪਹਿਲੀ ਵਾਰ 2018 ‘ਚ ਇਤਿਹਾਸ ਸਿਰਜਿਆ ਜਦੋਂ ਪਿਛਲੇ 45 ਸਾਲ ‘ਚ ਪਹਿਲੀ ਵਾਰ ਚੋਣਾਂ ਲੜਦਿਆਂ ਸਰਕਾਰ ਬਣਾਉਣ ਦਾ ਮਾਣ ਹਾਸਲ ਕੀਤਾ।