ਨੈਨੋਜ਼ ਰਿਸਰਚ ਦੇ ਨਵੇਂ ਅਧਿਐਨ ਮੁਤਾਬਕ ਜੇਕਰ ਅੱਜ ਚੋਣਾਂ ਹੁੰਦੀਆਂ ਹਨ ਤਾਂ ਕੰਜ਼ਰਵੇਟਿਵ ਪਾਰਟੀ ਲਿਬਰਲਾਂ ਨਾਲੋਂ ਵੱਧ ਸੀਟਾਂ ਜਿੱਤ ਸਕਦੀ ਹੈ। ਪਿਛਲੀਆਂ ਦੋ ਫੈਡਰਲ ਚੋਣਾਂ ਵਿੱਚ ਕੰਜ਼ਰਵੇਟਿਵ ਪੌਪੂਲਰ ਵੋਟ ਵਿੱਚ ਤਾਂ ਲਿਬਰਲਾਂ ਨੂੰ ਪਿੱਛੇ ਛੱਡਣ ਵਿੱਚ ਕਾਮਯਾਬ ਹੋ ਗਏ ਪਰ ਬਹੁਮਤ ਸੀਟਾਂ ਜਿੱਤਣ ਵਿੱਚ ਅਸਫਲ ਰਹੇ। ਇਸ ਨਾਲ ਜਸਟਿਨ ਟਰੂਡੋ ਮਾਇਨੌਰਿਟੀ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੇ।
ਟਰੈਂਡ ਲਾਈਨ ਦੇ ਤਾਜ਼ਾ ਐਪੀਸੋਡ ਵਿੱਚ ਨੈਨੋਜ਼ ਰਿਸਰਚ ਦੇ ਨਿੱਕ ਨੈਨੋਜ਼ ਨੇ ਨੇ ਕਿਹਾ ਕਿ ਪਿਛਲੀ ਵਾਰ ਵੀ ਕੰਜ਼ਰਵੇਟਿਵ ਹੀ ਅੱਗੇ ਸਨ ਪਰ ਅੰਤ ਵਿੱਚ ਉਹ ਬਹੁਮਤ ਸੀਟਾਂ ਜਿੱਤਣ ਵਿੱਚ ਅਸਫਲ ਰਹੇ। ਪਰ ਇਸ ਵਾਰੀ ਸੀਟਾਂ ਸਬੰਧੀ ਲਗਾਏ ਜਾ ਰਹੇ ਕਿਆਫਿਆਂ ਦੇ ਹਿਸਾਬ ਨਾਲ ਲਿਬਰਲਾਂ ਨਾਲੋਂ ਕੰਜ਼ਰਵੇਟਿਵਾਂ ਦੇ ਜ਼ਿਆਦਾ ਸੀਟਾਂ ਜਿੱਤਣ ਦੀ ਸੰਭਾਵਨਾ ਹੈ।ਇਸ ਤੋਂ ਭਾਵ ਹੈ ਕਿ ਨਾ ਸਿਰਫ ਕੰਜ਼ਰਵੇਟਿਵ, ਲਿਬਰਲਾਂ ਨੂੰ ਸਿ਼ਕਸਤ ਦੇ ਸਕਦੇ ਹਨ ਸਗੋਂ ਕੰਜ਼ਰਵੇਟਿਵਾਂ ਦੇ ਸਰਕਾਰ ਬਣਾਉਣ ਦੀ ਵੀ ਬਹੁਤੀ ਸੰਭਾਵਨਾ ਹੈ।
ਹਾਲਾਂਕਿ ਆਉਣ ਵਾਲੇ ਸਮੇਂ ‘ਚ ਫੈਡਰਲ ਚੋਣਾਂ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ ਤੇ ਇਸ ‘ਚ ਲਿਬਰਲਾਂ ਤੇ NDP ਦਰਮਿਆਨ ਹੋਏ ਸਮਝੌਤੇ ਦੀ ਵੱਡੀ ਭੂਮਿਕਾ ਹੈ, ਜਿਸ ਕਾਰਨ ਇਹ ਸਰਕਾਰ 2025 ਤੱਕ ਚੱਲਣ ਦੀ ਉਮੀਦ ਹੈ। ਪਰ ਸੀਟਾਂ ਸਬੰਧੀ ਕਿਆਫਿਆਂ ਅਨੁਸਾਰ ਜੇ ਅੱਜ ਚੋਣਾਂ ਹੁੰਦੀਆਂ ਹਨ ਤਾਂ ਕੰਜ਼ਰਵੇਟਿਵ 108 ਸੀਟਾਂ ਜਿੱਤ ਸਕਦੇ ਹਨ, ਜਦੋਂ ਕਿ ਲਿਬਰਲ ਸਿਰਫ 106 ਸੀਟਾਂ ਹੀ ਜਿੱਤ ਸਕਦੇ ਹਨ। ਇਨ੍ਹਾਂ ਕਿਆਫਿਆਂ ਅਨੁਸਾਰ ਐਨਡੀਪੀ ਨੂੰ 41 ਸੀਟਾਂ, ਬਲਾਕ ਕਿਊਬੀਕਾ ਨੂੰ 24 ਸੀਟਾਂ ਤੇ ਗ੍ਰੀਨਜ਼ ਨੂੰ 2 ਸੀਟਾਂ ਮਿਲ ਸਕਦੀਆਂ ਹਨ।