ਬਲਾਤਕਾਰ ਅਤੇ ਕਤਲ ਦੇ ਦੋਸ਼ਾਂ ‘ਚ ਸਜ਼ਾ ਕੱਟ ਰਿਹਾ ਸੌਦਾ ਸਾਧ ਗੁਰਮੀਤ ਰਾਮ ਰਹੀਮ ਇੱਕ ਵਾਰ ਫੇਰ ਜੇਲ੍ਹ ਤੋਂ ਬਾਹਰ ਆ ਸਕਦਾ ਹੈ। ਇਕ ਪਾਸੇ ਜਿੱਥੇ ਸਿੱਖ ਕੌਮ ਦੇ ਬੰਦੀ ਸਿੰਘ ਲੰਮੇ ਸਮੇਂ ਤੋਂ ਜੇਲ੍ਹ ਕੱਟ ਰਹੇ ਹਨ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲੈਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਪੈਰੋਲ ਤੱਕ ਨਹੀਂ ਮਿਲਦੀ ਤਾਂ ਉੱਥੇ ਹੀ ਇੰਨੇ ਘਿਨੌਣੇ ਦੋਸ਼ਾਂ ਹੇਠ ਸਜ਼ਾ ਕੱਟ ਰਿਹਾ ਗੁਰਮੀਤ ਰਾਮ ਰਹੀਮ ਇੱਕ ਵਾਰ ਫੇਰ ਜੇਲ੍ਹ ਤੋਂ ਬਾਹਰ ਆ ਸਕਦਾ ਹੈ। ਜਾਣਕਾਰੀ ਮੁਤਾਬਕ ਗੁਰਮੀਤ ਰਾਮ ਰਹੀਮ ਵੱਲੋਂ ਦਾਇਰ ਕੀਤੀ ਗਈ ਪੈਰੋਲ ਅਰਜ਼ੀ ਨੂੰ ਮਨਜ਼ੂਰੀ ਮਿਲ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਵੀਰਵਾਰ ਵਾਲੇ ਦਿਨ ਸਵੇਰ ਵੇਲੇ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦਿੱਤੀ ਜਾਵੇਗੀ ।
ਤੁਹਾਨੂੰ ਦੱਸ ਦੇਈਏ ਕਿ ਨਿਯਮਾਂਵਲੀ ਮੁਤਾਬਿਕ ਕਿਸੇ ਵੀ ਕੈਦੀ ਨੂੰ ਇਕ ਸਾਲ ਦੇ ਵਿੱਚ ਨੱਬੇ ਦਿਨ ਦੀ ਪੈਰੋਲ ਦਿੱਤੀ ਜਾ ਸਕਦੀ ਹੈ। ਜਿਸ ਵਿਚ 70 ਦਿਨ ਦੀ ਛੁੱਟੀ ਅਤੇ 21 ਦਿਨ ਦੀ ਫਰਲੋ ਸ਼ਾਮਲ ਹੁੰਦੀ ਹੈ। ਜੇਕਰ ਗੁਰਮੀਤ ਰਾਮ ਰਹੀਮ ਦੀ ਗੱਲ ਕਰ ਲਈ ਜਾਵੇ ਤਾਂ ਉਸ ਵੱਲੋਂ ਫਰਵਰੀ ਮਹੀਨੇ ਦੇ ਵਿੱਚ 21 ਦਿਨ ਦੀ ਫਰਲੋ ਲਈ ਗਈ ਸੀ ਅਤੇ ਇਸ ਤੋਂ ਬਾਅਦ ਜੂਨ ਮਹੀਨੇ ਵਿਚ ਵੀ ਇਕ ਮਹੀਨੇ ਲਈ ਗੁਰਮੀਤ ਰਾਮ ਰਹੀਮ ਬਾਹਰ ਆਇਆ ਸੀ ।
ਪੈਰੋਲ ਦੀ ਮਨਜ਼ੂਰੀ ਦੀਆਂ ਖਬਰਾਂ ਸਾਹਮਣੇ ਆਉਂਦਿਆਂ ਹੀ ਡੇਰਾ ਸਿਰਸਾ ਦੇ ਵਿਚ ਵੀ ਹਲਚਲ ਤੇਜ਼ ਹੋ ਚੁੱਕੀ ਹੈ। ਪਿਛਲੀ ਵਾਰ ਜਦੋਂ ਗੁਰਮੀਤ ਰਾਮ ਰਹੀਮ ਬਾਹਰ ਆਇਆ ਸੀ ਤਾਂ ਗੁਰੂਗ੍ਰਾਮ ਦੇ ਵਿੱਚ ਰਿਹਾ ਸੀ ਪਰ ਇਸ ਵਾਰ ਉਹ ਡੇਰਾ ਸਿਰਸਾ ਦੇ ਵਿੱਚ ਪਹੁੰਚਦਾ ਹੈ ਜਾਂ ਕਿੱਥੇ ਰਹਿੰਦਾ ਹੈ ਇਸ ਬਾਰੇ ਅਜੇ ਕੁਝ ਵੀ ਸਪੱਸ਼ਟ ਨਹੀਂ ਹੋ ਸਕਿਆ ।
ਪਰ ਦੂਜੇ ਪਾਸੇ ਜੇਕਰ ਬੰਦੀ ਸਿੰਘਾਂ ਦੀ ਗੱਲ ਕਰ ਲਈ ਜਾਵੇ ਤਾਂ ਅੱਜ ਪੱਚੀ ਤੋਂ ਤੀਹ ਸਾਲ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਬੰਦ ਹੋਇਆਂ ਹੋ ਚੁੱਕੇ ਹਨ ਪਰ ਇੱਕ ਵਾਰ ਵੀ ਉਨ੍ਹਾਂ ਨੂੰ ਪੈਰੋਲ ਨਹੀਂ ਮਿਲ ਸਕੀ। ਹਾਲਾਤ ਇਸ ਕਦਰ ਹਨ ਕਿ ਜੇਕਰ ਬੰਦੀ ਸਿੰਘਾਂ ਦੇ ਕਿਸੇ ਪਰਿਵਾਰਕ ਮੈਂਬਰ ਦਾ ਦੇਹਾਂਤ ਹੋ ਜਾਂਦਾ ਹੈ ਤਾਂ ਵੀ ਮਾਤਰ ਉਨ੍ਹਾਂ ਨੂੰ ਇੱਕ ਜਾਂ ਦੋ ਘੰਟੇ ਦੀ ਪੈਰੋਲ ਹੀ ਦਿੱਤੀ ਜਾਂਦੀ ਹੈ। ਅਜਿਹੇ ਵਿੱਚ ਇਸ ਗੱਲ ਨੂੰ ਲੈ ਕੇ ਵੀ ਵਿਚਾਰ ਚਰਚਾ ਤੇਜ਼ ਹੋ ਗਈ ਹੈ ਕਿ ਅਜਿਹੇ ਦੋਹਰੇ ਮਾਪਦੰਡ ਕਿਉਂ ਅਪਣਾਏ ਜਾਂਦੇ ਹਨ ?