ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਬਾਲੀਵੁੱਡ ਸਟਾਰ ਅਮਿਤਾਭ ਬੱਚਨ ਦੇ ਨਾਮ, ਆਵਾਜ਼ ਅਤੇ ਫੋਟੋ ਦੀ ਗੈਰ-ਕਾਨੂੰਨੀ ਵਰਤੋਂ ਨੂੰ ਰੋਕਣ ਲਈ ਆਦੇਸ਼ ਦਿੱਤਾ ਹੈ। ਅਮਿਤਾਭ ਬੱਚਨ ਨੇ ਆਪਣੇ ਨਿੱਜੀ ਅਧਿਕਾਰਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅਦਾਲਤ ਵਿੱਚ ਕੇਸ ਦਰਜ ਕੀਤਾ ਹੈ। ਜਿਸ ਨੂੰ ਲੈ ਕੇ ਦਿੱਲੀ ਹਾਈਕੋਰਟ ‘ਚ ਸੁਣਵਾਈ ਚੱਲ ਰਹੀ ਹੈ। ਅਮਿਤਾਭ ਬੱਚਨ ਦੇ ਕੇਸ ਦੀ ਨੁਮਾਇੰਦਗੀ ਮਸ਼ਹੂਰ ਵਕੀਲ ਹਰੀਸ਼ ਸਾਲਵੇ ਕਰ ਰਹੇ ਹਨ।
ਜਸਟਿਸ ਚਾਵਲਾ ਨੇ ਅਥਾਰਟੀ ਅਤੇ ਟੈਲੀਕਾਮ ਵਿਭਾਗ ਨੂੰ ਅਮਿਤਾਭ ਬੱਚਨ ਦੇ ਨਾਮ ਅਤੇ ਫੋਟੋ ਨੂੰ ਤੁਰੰਤ ਹਟਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਅਦਾਲਤ ਨੇ ਇੰਟਰਨੈੱਟ ਸੇਵਾ ਪ੍ਰਦਾਤਾਵਾਂ ਨੂੰ ਉਨ੍ਹਾਂ ਆਨਲਾਈਨ ਲਿੰਕਾਂ ਨੂੰ ਹਟਾਉਣ ਲਈ ਵੀ ਕਿਹਾ ਹੈ ਜੋ ਬਿੱਗ ਬੀ ਦੇ ਸ਼ਖਸੀਅਤ ਦੇ ਅਧਿਕਾਰਾਂ ਦੀ ਉਲੰਘਣਾ ਕਰ ਰਹੇ ਹਨ।
ਜਸਟਿਸ ਚਾਵਲਾ ਨੇ ਆਪਣੇ ਫੈਸਲੇ ‘ਚ ਕਿਹਾ, ‘ਅਮਿਤਾਭ ਬੱਚਨ ਇਕ ਮਸ਼ਹੂਰ ਸ਼ਖਸੀਅਤ ਹਨ। ਕਈ ਇਸ਼ਤਿਹਾਰਾਂ ਵਿੱਚ ਬਿਗ ਬੀ ਦੀ ਆਵਾਜ਼ ਅਤੇ ਉਨ੍ਹਾਂ ਦੇ ਨਾਮ ਦੀ ਵਰਤੋਂ ਉਨ੍ਹਾਂ ਦੀ ਆਗਿਆ ਤੋਂ ਬਿਨਾਂ ਕੀਤੀ ਜਾਂਦੀ ਹੈ। ਪਰ ਹੁਣ, ਕੋਈ ਵੀ ਉਨ੍ਹਾਂ ਦੀ ਆਗਿਆ ਤੋਂ ਬਿਨਾਂ ਉਨ੍ਹਾਂ ਦੇ ਸੈਲੀਬ੍ਰਿਟੀ ਸਟੇਟਸ ਦੀ ਵਰਤੋਂ ਨਹੀਂ ਕਰ ਸਕਦਾ ਹੈ।
ਦਰਅਸਲ, ਪਿਛਲੇ ਦਿਨੀਂ ਸੋਸ਼ਲ ਮੀਡੀਆ ਪਲੇਟਫਾਰਮ whats App ‘ਤੇ ਅਮਿਤਾਭ ਬੱਚਨ ਦੇ ਮਸ਼ਹੂਰ ਸ਼ੋਅ ਕੌਣ ਬਣੇਗਾ ਕਰੋੜਪਤੀ ਨੂੰ ਲੈ ਕੇ ਫਰਜ਼ੀ ਲਾਟਰੀ ਮੈਸੇਜ ਵਾਇਰਲ ਹੋਏ ਹਨ, ਜਿਸ ‘ਚ ਅਮਿਤਾਭ ਬੱਚਨ ਦੇ ਨਾਂ ਦੀ ਵੀ ਦੁਰਵਰਤੋਂ ਕੀਤੀ ਗਈ ਹੈ।ਇਸ ਤੋਂ ਪਹਿਲਾਂ ਅਮਿਤਾਭ ਬੱਚਨ ਨੇ ਕਈ ਥਾਵਾਂ ‘ਤੇ ਬਿਨਾਂ ਇਜਾਜ਼ਤ ਦੇ ਆਪਣੀ ਆਵਾਜ਼ ਦੀ ਵਰਤੋਂ ‘ਤੇ ਚਿੰਤਾ ਪ੍ਰਗਟ ਕੀਤੀ ਸੀ।