ਕੈਨੇਡੀਅਨ ਸਰਕਾਰ ਵੱਲੋਂ ਇੰਡੋ – ਪੈਸੇਫ਼ਿਕ ਰਣਨੀਤੀ ਕਰਦਿਆਂ ਆਉਂਦੇ 5 ਵਰ੍ਹਿਆਂ ਦੌਰਾਨ $74.6 ਮਿਲੀਅਨ ਖ਼ਰਚਣ ਦੀ ਗੱਲ ਕਹੀ ਗਈ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਸ਼ੌਨ ਫ਼੍ਰੇਜ਼ਰ ਨੇ ਇਕ ਟਵੀਟ ਕਰ ਜਾਣਕਾਰੀ ਸਾਂਝੀ ਕੀਤੀ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਵੀਜ਼ਾ ਕੇਂਦਰਾਂ ਵਿੱਚ ਅਰਜ਼ੀਆਂ ਦਾ ਜਲਦ ਨਿਪਟਾਰਾ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ।
ਇਮੀਗ੍ਰੇਸ਼ਨ ਅਰਜ਼ੀਆਂ ਦਾ ਸਮੇਂ ਸੀਟ ਨਿਪਟਾਰਾ ਮੰਤਰਾਲੇ ਲਈ ਇਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਫ਼ਰਵਰੀ ਮਹੀਨੇ ਦੌਰਾਨ ਕੈਨੇਡਾ ਵਿੱਚ ਲਗਭਗ 2 ਮਿਲੀਅਨ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ ਸੀ ਜੋ ਕਿ ਬਾਅਦ ਵਿੱਚ ਘਟ ਕੇ ਕਰੀਬ ਇਕ ਮਿਲੀਅਨ ਰਹਿ ਗਿਆ ਸੀ। ਇਹਨਾਂ ਵਿਚ 5 ਲੱਖ ਤੋਂ ਵਧੇਰੇ ਪਰਮਾਨੈਂਟ ਰੈਜ਼ੀਡੈਂਸ ਲਈ ਅਰਜ਼ੀਆਂ, 7 ਲੱਖ ਤੋਂ ਵਧੇਰੇ ਟੈਮਪੋਰੈਰੀ ਰੈਜ਼ੀਡੈਂਸ ਲਈ ਅਰਜ਼ੀਆਂ ਅਤੇ 4 ਲੱਖ ਤੋਂ ਵਧੇਰੇ ਕੈਨੇਡੀਅਨ ਨਾਗਰਿਕਤਾ ਲਈ ਅਰਜ਼ੀਆਂ ਸ਼ਾਮਿਲ ਸਨ।
ਅਗਸਤ ਮਹੀਨੇ ਦੌਰਾਨ ਮਨਿਸਟਰ ਫ਼੍ਰੇਜ਼ਰ ਨੇ ਬੈਕਲੌਗ ਦੀ ਸਮੱਸਿਆ ਨਾਲ ਨਜਿੱਠਣ ਲਈ 1250 ਨਵੇਂ ਕਰਮਚਾਰੀ ਭਰਤੀ ਕੀਤੇ ਜਾਣ ਦਾ ਐਲਾਨ ਵੀ ਕੀਤਾ ਸੀ।