ਦਿੱਲੀ ਦੇ ਦਵਾਰਕਾ ਮੋੜ ਇਲਾਕੇ ‘ਚ ਇਕ ਲੜਕੇ ਨੇ ਸਕੂਲ ਦੀ ਵਿਦਿਆਰਥਣ ‘ਤੇ ਤੇਜ਼ਾਬ ਸੁੱਟ ਦਿੱਤਾ ਹੈ। ਇਹ ਘਟਨਾ ਸਵੇਰੇ 9 ਵਜੇ ਦੀ ਹੈ।ਲੜਕੀ ‘ਤੇ ਮੋਹਨ ਗਾਰਡਨ ਇਲਾਕੇ ‘ਚ ਹਮਲਾ ਕੀਤਾ ਗਿਆ। ਬੱਚੀ ਨੂੰ ਸਫਦਰਜੰਗ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਲੜਕੀ 12ਵੀਂ ਜਮਾਤ ਦੀ ਵਿਦਿਆਰਥਣ ਹੈ। ਪੀੜਤਾ ਦੇ ਪਿਤਾ ਨੇ ਦੱਸਿਆ ਕਿ ਤੇਜ਼ਾਬ ਨਾਲ ਲੜਕੀ ਦਾ ਪੂਰਾ ਚਿਹਰਾ ਜਲ ਗਿਆ ਹੈ, ਹਾਲਤ ਨਾਜ਼ੁਕ ਬਣੀ ਹੋਈ ਹੈ।
ਉਨ੍ਹਾਂ ਨੇ ਕਿਹਾ, “ਮੇਰੀ 13 ਸਾਲ ਦੀ ਛੋਟੀ ਧੀ ਵੀ 17 ਸਾਲ ਦੀ ਵੱਡੀ ਕੁੜੀ ਨਾਲ ਸੀ, ਦੋ ਲੜਕੇ ਮੂੰਹ ਢੱਕ ਕੇ ਬਾਈਕ ‘ਤੇ ਆਏ ਅਤੇ ਵੱਡੀ ਧੀ ‘ਤੇ ਤੇਜ਼ਾਬ ਸੁੱਟ ਦਿੱਤਾ, ਮੈਨੂੰ ਨਹੀਂ ਪਤਾ ਕਿ ਉਹ ਲੜਕੇ ਕੌਣ ਸਨ, ਕਿੱਥੋਂ ਆਏ ਸਨ।” ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਸਵੇਰੇ 9 ਵਜੇ ਦੇ ਕਰੀਬ ਮਿਲੀ ਅਤੇ ਇੱਕ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਦਿੱਲੀ ਮਹਿਲਾ ਕਮਿਸ਼ਨ ਨੇ ਇਸ ਘਟਨਾ ’ਤੇ ਨੋਟਿਸ ਲਿਆ ਹੈ।
ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਟਵੀਟ ਕਰਕੇ ਕਿਹਾ ਕਿ ਸਾਡੀ ਟੀਮ ਪੀੜਤਾ ਦੀ ਮਦਦ ਲਈ ਹਸਪਤਾਲ ਪਹੁੰਚ ਰਹੀ ਹੈ, ਬੇਟੀ ਨੂੰ ਇਨਸਾਫ ਦਿਲਾਵਾਂਗੇ। ਦਿੱਲੀ ਮਹਿਲਾ ਕਮਿਸ਼ਨ ਸਾਲਾਂ ਤੋਂ ਦੇਸ਼ ’ਚ ਤੇਜ਼ਾਬ ਬੈਨ ਕਰਨ ਦੀ ਲੜਾਈ ਲੜ ਰਹੀ ਹੈ। ਕਦੋਂ ਜਾਗਣਗੀਆਂ ਸਰਕਾਰਾਂ?