ਟੋਰਾਂਟੋ: ਪੀਲ ਖੇਤਰ ਵਿੱਚ ਕਾਰ ਚੋਰੀ ਦੀਆਂ ਘਟਨਾਵਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। 2022 ਵਰ੍ਹੇ ਦੌਰਾਨ ਹੁਣ ਤੱਕ ਇਲਾਕੇ ਵਿੱਚ ਕਾਰ ਚੋਰੀ ਦੇ 5 ਹਜ਼ਾਰ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਲਾਕੇ ਵਿੱਚ ਹਰ ਮਹੀਨੇ ਕਰੀਬ 483 ਕਾਰ ਚੋਰੀ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ। ਪੀਲ ਪੁਲਿਸ ਦੇ ਅੰਕੜਿਆਂ ਅਨੁਸਾਰ ਇਸ ਸਾਲ ਇੱਕ ਜਨਵਰੀ ਤੋਂ ਲੈ ਕੇ 30 ਨਵੰਬਰ ਤੱਕ 5,315 ਵਾਹਨ ਚੋਰੀ ਦੇ ਮਾਮਲੇ ਸਾਹਮਣੇ ਆਏ ਹਨ , ਜੋ ਕਿ ਲੰਘੇ ਸਾਲ ਦੇ ਇਸ ਸਮੇਂ ਦੇ ਮੁਕਾਬਲੇ 45 ਪ੍ਰਤੀਸ਼ਤ ਦਾ ਵਾਧਾ ਹੈ। 2021 ਦੌਰਾਨ ਜਨਵਰੀ ਤੋਂ ਲੈ ਕੇ ਨਵੰਬਰ ਤੱਕ ਵਾਹਨ ਚੋਰੀ ਦੇ 3,659 ਮਾਮਲੇ ਸਾਹਮਣੇ ਆਏ ਸਨ।
ਲੰਘੇ ਕੁਝ ਵਰ੍ਹਿਆਂ ਦੇ ਮੁਕਾਬਲੇ ਕਾਰ ਚੋਰੀ ਦੇ ਮਾਮਲਿਆਂ ਵਿੱਚ ਇਹ ਵੱਡਾ ਵਾਧਾ ਹੈ। 2019 ਦੌਰਾਨ ਪੀਲ ਖੇਤਰ ਵਿੱਚ ਕਾਰ ਚੋਰੀ ਦੇ 3062 ਮਾਮਲੇ ਰਿਪੋਰਟ ਕੀਤੇ ਗਏ , ਜਿੰਨ੍ਹਾਂ ਦੀ ਗਿਣਤੀ ਵੱਧ ਕੇ 3,376 ਹੋ ਗਈ। ਸਾਲ 2021 ਦੌਰਾਨ 41,19 ਕਾਰਾਂ ਚੋਰੀ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਪੀਲ ਖੇਤਰ ਵਿੱਚ ਬਰੈਂਪਟਨ ਵੱਡਾ ਸ਼ਹਿਰ ਹੈ , ਜਿੱਥੇ ਪੰਜਾਬੀ ਭਾਈਚਾਰੇ ਦੀ ਵੱਡੀ ਗਿਣਤੀ ਹੈ। ਹਾਲ ਵਿੱਚ ਹੀ ਬਰੈਂਪਟਨ ਵਿੱਚ ਹੋਈਆਂ ਮਿਉਂਸੀਪਲ ਚੋਣਾਂ ਦੌਰਾਨ ਵੀ ਲੋਕਾਂ ਵੱਲੋਂ ਕਾਰ ਚੋਰੀ ਹੋਣ ਦੇ ਮਾਮਲਿਆਂ ਨੂੰ ਵੱਡੀ ਪੱਧਰ ‘ਤੇ ਉਠਾਇਆ ਗਿਆ ਸੀ।
ਪੀਲ ਪੁਲਿਸ ਬੋਰਡ ਵੱਲੋਂ ਕਾਰ ਚੋਰੀ ਦੀਆਂ ਇਹਨਾਂ ਘਟਨਾਵਾਂ ਨੂੰ ਠੱਲ ਪਾਉਣ ਲਈ ਉਪਰਾਲੇ ਸ਼ੁਰੂ ਕੀਤੇ ਗਏ ਹਨ। ਪੀਲ ਪੁਲਿਸ ਬੋਰਡ ਦਾ ਕਹਿਣਾ ਹੈ ਕਿ ਉਹਨਾਂ ਨੂੰ ਭਾਈਚਾਰੇ ਵੱਲੋਂ ਲਗਾਤਾਰ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਅਤੇ ਕੁਝ ਠੋਸ ਕਦਮ ਚੁੱਕੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ। ਪੀਲ ਪੁਲਿਸ ਬੋਰਡ ਦੇ ਚੇਅਰ ਰੌਨ ਚੱਠਾ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਹਨਾਂ ਵਾਰਦਾਤਾਂ ਨੂੰ ਨੱਥ ਪਾਉਣ ਲਈ ਇਕ ਸੰਮੇਲਨ ਕਰਾਏ ਜਾਣ ਦੀ ਯੋਜਨਾ ਹੈ , ਜਿਸ ਵਿੱਚ ਇਸ ਨਾਲ ਨਜਿੱਠਣ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ।