ਕੈਨੇਡਾ ਦੀ ਸਲਾਨਾ ਮਹਿੰਗਾਈ ਦਰ ਨਵੰਬਰ ਵਿਚ ਘਟ ਕੇ 6.8 % ਦਰਜ ਕੀਤੀ ਗਈ ਹੈ। ਗੈਸ ਅਤੇ ਫ਼ਰਨੀਚਰ ਦੀਆਂ ਕੀਮਤਾਂ ਵਿਚ ਆਈ ਗਿਰਾਵਟ ਨੇ ਮਹਿੰਗਾਈ ਦਰ ਵਿਚ ਕਮੀ ਲਿਆਂਦੀ ਹੈ, ਪਰ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ ਤੇਜ਼ੀ ਜਾਰੀ ਹੈ। ਬੁੱਧਵਾਰ ਨੂੰ ਸਟੈਟਿਸਟਿਕਸ ਕੈਨੇਡਾ ਦੇ ਆਏ ਅੰਕੜਿਆਂ ਅਨੁਸਾਰ ਮੁਲਕ ਭਰ ਵਿਚ ਨਵੰਬਰ ਮਹੀਨੇ ਗੈਸ ਦੀਆਂ ਕੀਮਤਾਂ ਵਿਚ 3.6 % ਦੀ ਗਿਰਾਵਟ ਆਈ ਹੈ। ਵੈਸੇ ਜੇ ਇੱਕ ਸਾਲ ਪਹਿਲਾਂ ਨਾਲ ਤੁਲਨਾ ਕੀਤੀ ਜਾਵੇ ਤਾਂ ਗੈਸ ਦੀਆਂ ਕੀਮਤਾਂ ਅਜੇ ਵੀ 13.7% ਵੱਧ ਹਨ।
ਭੋਜਨ ਵਸਤਾਂ ਦੀਆਂ ਕੀਮਤਾਂ ਵਿਚ ਆਈ ਤੇਜ਼ੀ, ਗੈਸ ਕੀਮਤਾਂ ਵਿਚ ਕਟੌਤੀ ਨਾਲ ਹੋਣ ਵਾਲੀ ਮਾੜੀ ਮੋਟੀ ਬਚਤ ‘ਤੇ ਪਾਣੀ ਫ਼ੇਰ ਰਹੀਆਂ ਹਨ। ਪਿਛਲੇ ਇੱਕ ਸਾਲ ਵਿਚ ਭੋਜਨ ਵਸਤਾਂ ਦੀਆਂ ਕੀਮਤਾਂ 11.4 ਫ਼ੀਸਦੀ ਵਧ ਚੁੱਕੀਆਂ ਹਨ।
ਬੀਤੇ ਸਾਲ ਦੀ ਤੁਲਨਾ ਵਿਚ :
- ਖਾਣਾ ਬਣਾਉਣ ਵਾਲੇ (ਰਿਫ਼ਾਇੰਡ) ਤੇਲ ਦੀਆਂ ਕੀਮਤਾਂ ਵਿਚ 26 % ਵਾਧਾ
- ਚਾਹ ਅਤੇ ਕੌਫ਼ੀ ਦੀਆਂ ਕੀਮਤਾਂ ਵਿਚ 16.8% ਵਾਧਾ
- ਅੰਡੇ, 16.7% ਵਾਧਾ
- ਸੀਰੀਅਲ ਉਤਪਾਦ ਜਿਵੇਂ ਆਟਾ, ਮੱਕੀ, ਸੂਜੀ ਆਦਿ ਦੀਆਂ ਕੀਮਤਾਂ ਵਿਚ 15.7% ਵਾਧਾ
- ਅਤੇ ਬੇਕਰੀ ਆਈਟਮਾਂ ਦੀਆਂ ਕੀਮਤਾਂ ਵਿਚ 15.5 % ਵਾਧਾ ਹੋਇਆ ਹੈ।
ਇਸ ਤੋਂ ਇਲਾਵਾ ਕੈਨੇਡਾ ਵਿਚ ਰਿਹਾਇਸ਼ ਦੀ ਲਾਗਤ ਵੀ ਮਹਿੰਗਾਈ ਹੋਈ ਹੈ। ਮੌਰਗੇਜ ਵਿਆਜ ਦੀ ਲਾਗਤ ਪਿਛਲੇ ਸਾਲ ਦੀ ਤੁਲਨਾ ਵਿਚ 14.5% ਉੱਪਰ ਗਈ ਹੈ ਅਤੇ ਕਿਰਾਇਆਂ ਵਿਚ ਵੀ 5.9 % ਵਾਧਾ ਹੋਇਆ ਹੈ।