ਸਟੈਟਿਸਟਿਕਸ ਕੈਨੇਡਾ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਅੰਕੜਿਆਂ ਅਨੁਸਾਰ ਕੈਨੇਡਾ ਦੇ ਅਰਥਚਾਰੇ (GDP) ਵਿਚ ਅਕਤੂਬਰ ਮਹੀਨੇ ਦੌਰਾਨ 0.1 ਫ਼ੀਸਦੀ ਦਾ ਮਾਮੂਲੀ ਵਾਧਾ ਦਰਜ ਹੋਇਆ ਹੈ। ਡਾਟਾ ਏਜੰਸੀ ਦਾ ਕਹਿਣਾ ਹੈ ਕਿ ਸਰਵਿਸ ਸੈਕਟਰ ਵਿਚ ਪਿਛਲੇ ਛੇ ਮਹੀਨਿਆਂ ਤੋਂ ਲਗਾਤਾਰ ਵਿਸਥਾਰ ਦਰਜ ਹੋਇਆ ਹੈ ਜਦਕਿ ਇਸ ਦੇ ਉਲਟ ਵਸਤੂ ਉਤਪਾਦਨ ਸੈਕਟਰ ਪਿਛਲੇ 4 ਮਹੀਨਿਆਂ ਤੋਂ ਲਗਾਤਾਰ ਸੁੰਘੜ ਰਿਹਾ ਹੈ।
ਇਸ ਤੋਂ ਇਲਾਵਾ ਨੈਸ਼ਨਲ ਹੌਕੀ ਲੀਗ (NHL) ਅਤੇ ਟੋਰੌਂਟੋ ਬਲੂ ਜੇਜ਼ (ਬੇਸਬਾਲ ਟੀਮ) ਦੇ ਮੈਚਾਂ ਕਾਰਨ ਅਕਤੂਬਰ ਦੌਰਾਨ ਮਨੋਰੰਜਨ ਅਤੇ ਖੇਡ ਸੈਕਟਰਾਂ ਨਾਲ ਸਬੰਧਤ ਅਦਾਰਿਆਂ ਅਤੇ ਉਦਯੋਗਾਂ ਵਿਚ 4.7 % ਵਾਧਾ ਦਰਜ ਹੋਇਆ। ਭਾਵੇਂ ਕਿ ਅਕਤੂਬਰ ਵਿਚ ਕੈਨੇਡੀਅਨ ਅਰਥਚਾਰੇ ਵਿਚ 0.1 % ਵਾਧਾ ਅਰਥਸ਼ਾਸਤਰੀਆਂ ਦੇ ਵਿਕਾਸ ਅਨੁਮਾਨਾਂ ਨਾਲ ਮੇਲ ਖਾਂਦਾ ਹੈ, ਪਰ ਨਵੇਂ ਅੰਕੜੇ ਆਰਥਿਕਤਾ ਵਿਚ ਧੀਮੇਪਣ ਦੇ ਸਪਸ਼ਟ ਸੰਕੇਤ ਦਿਖਾ ਰਹੇ ਹਨ।
ਦੱਸ ਦਈਏ ਕਿ ਬੈਂਕ ਔਫ਼ ਕੈਨੇਡਾ ਨੇ ਵਿਆਜ ਦਰ ਵਧਾ ਕੇ 4.25% ਕਰ ਦਿੱਤੀ ਹੈ।ਬੈਂਕ ਔਫ਼ ਕੈਨੇਡਾ ਦੇ ਸੀਨੀਅਰ ਅਰਥਸ਼ਾਸਤਰੀ, ਰੌਬਰਟ ਕੈਵਸਿਕ ਦਾ ਕਹਿਣਾ ਹੈ ਕਿ ਹੁਣ ਤੱਕ ਸਰਵਿਸ ਸੈਕਟਰ ਦੀ ਬਦੌਲਤ ਕੈਨੇਡੀਅਨ ਅਰਥਚਾਰਾ, ਭਾਵੇਂ ਮਾਮੂਲੀ ਹੀ ਸਹੀ, ਪਰ ਵਿਕਾਸ ਦਰਜ ਕਰਦਾ ਰਿਹਾ ਹੈ, ਪਰ ਅਸਲ ਸਵਾਲ ਇਹ ਹੈ ਕਿ ਆਉਂਦੇ ਨਵੇਂ ਸਾਲ ਦੇ ਪਹਿਲੇ ਅੱਧ ਵਿਚ, ਚੀਜ਼ਾਂ ਕਿਸ ਤਰ੍ਹਾਂ ਦੀਆਂ ਹੋਣਗੀਆਂ, ਜਦੋਂ ਬੈਂਕ ਔਫ਼ ਕੈਨੇਡਾ ਵੱਲੋਂ ਵਿਆਜ ਦਰਾਂ ਵਿਚ ਵਾਧੇ ਦਾ ਪੂਰਨ ਪ੍ਰਭਾਵ ਸਾਹਮਣੇ ਆਵੇਗਾ।