ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਿਲ ਨੇ ਮੰਗਲਵਾਰ ਨੂੰ ਅਫ਼ਗ਼ਾਨਿਸਤਾਨ ਵਿਚ ਔਰਤਾਂ ’ਤੇ ਵਧ ਰਹੀਆਂ ਪਾਬੰਦੀਆਂ ਦੀ ਨਿੰਦਾ ਕਰਦਿਆਂ ਤਾਲਿਬਾਨੀ ਸ਼ਾਸਕਾਂ ਨੂੰ ਇਹ ਪਾਬੰਦੀਆਂ ਹਟਾਉਣ ਦੀ ਅਪੀਲ ਕੀਤੀ ਹੈ। ਮੀਡੀਆ ਨੂੰ ਦਿੱਤੇ ਇੱਕ ਬਿਆਨ ਵਿਚ ਸੁਰੱਖਿਆ ਕੌਂਸਿਲ ਨੇ ਅਫ਼ਗ਼ਾਨਿਸਤਾਨ ਵਿਚ ਔਰਤਾਂ ਲਈ ਛੇਵੀਂ ਜਮਾਤ ਤੋਂ ਬਾਅਦ ਦੇ ਸਕੂਲਾਂ ਨੂੰ ਮੁਅੱਤਲ ਕਰਨ ‘ਤੇ ਆਪਣੀ ਗਹਿਰੀ ਫ਼ਿਕਰਮੰਦੀ ਦਾ ਇਜ਼ਹਾਰ ਕਰਦਿਆਂ, ਮੁਲਕ ਵਿਚ ਔਰਤਾਂ ਦੇ ਮੁਕੰਮਲ, ਬਰਾਬਰ ਅਤੇ ਸਾਰਥਕ ਭਾਗੀਦਾਰੀ ਦੀ ਮੰਗ ਕੀਤੀ।
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ, ਐਂਟੋਨੀਓ ਗੁਤੇਰਸ ਨੇ ਮੰਗਲਵਾਰ ਨੂੰ ਟਵਿੱਟਰ ‘ਤੇ ਕਿਹਾ ਕਿ ਇਹ ਪਾਬੰਦੀਆਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਅਤੇ ਇਹਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਪਿਛਲੇ ਸਾਲ ਸੱਤਾ ‘ਤੇ ਕਾਬਜ਼ ਹੋਣ ਦੀ ਸ਼ੁਰੂਆਤ ਵਿਚ ਤਾਲਿਬਾਨ ਨੇ ਔਰਤਾਂ ਅਤੇ ਘੱਟ-ਗਿਣਤੀਆਂ ਦੇ ਅਧਿਕਾਰਾਂ ਦਾ ਸਨਮਾਨ ਕਰਨ ਵਾਲੇ ਇੱਕ ਉਦਾਰਵਾਦੀ ਸ਼ਾਸਨ ਦਾ ਵਾਅਦਾ ਕੀਤਾ ਸੀ, ਪਰ ਇਸਦੇ ਬਾਵਜੂਦ ਉਹ ਸਖ਼ਤੀ ਨਾਲ ਇਸਲਾਮਿਕ ਕਾਨੂੰਨ ਭਾਵ ਸ਼ਰੀਆ ਲਾਗੂ ਕਰਦੇ ਰਹੇ ਹਨ।