ਬੀਤੇ ਸਾਲ ਕੈਨੇਡਾ ਦੇ ਇਤਿਹਾਸ ‘ਚ ਪਹਿਲੀ ਵਾਰ ਮੁਲਕ ਦੀ ਵਸੋਂ `ਚ 10 ਲੱਖ ਦਾ ਵਾਧਾ ਹੋਇਆ ਹੈ। ਤਾਜ਼ਾ ਅੰਕੜਿਆਂ ਮੁਤਾਬਕ ਪਹਿਲੀ ਅਕਤੂਬਰ 2021 ਤੋਂ ਪਹਿਲੀ ਅਕਤੂਬਰ, 2022 ਦਰਮਿਆਨ ਕੈਨੇਡਾ ਦੀ ਆਬਾਦੀ 3 ਕਰੋੜ 84 ਲੱਖ ਤੋਂ 3 ਕਰੋੜ 93 ਲੱਖ ਦੇ ਦਰਮਿਆਨ ਰਹੀ ਜਿਸ ਨੂੰ ਵੇਖਦਿਆਂ ਚਾਰ ਕਰੋੜ ਦਾ ਅੰਕੜਾ ਦੂਰ ਨਹੀਂ ਲੱਗ ਰਿਹਾ, ਕੈਨੇਡਾ ਨੇ ਤਿੰਨ ਕਰੋੜ ਆਬਾਦੀ ਦਾ ਅੰਕੜਾ 1998 ‘ਚ ਹਾਸਲ ਕੀਤਾ ਸੀ।ਇੱਕ ਰਿਪੋਰਟ ਮੁਤਾਬਕ 2022 ਦੀ ਤੀਜੀ ਤਿਮਾਹੀ ਦੌਰਾਨ ਆਬਾਦੀ ਵਧਣ ਦੀ ਰਫ਼ਤਾਰ ਸਭ ਜ਼ਿਆਦਾ ਰਹੀ ਜਦੋਂ 3 ਲੱਖ 62 ਹਜ਼ਾਰ ਤੋਂ ਵਧ ਲੋਕ ਮੁਲਕ ਦੀ ਵਸੋਂ ਵਿਚ ਸ਼ਾਮਲ ਹੋ ਗਏ।
ਸਾਲ 2022 ਦੇ ਪਹਿਲੇ 9 ਮਹੀਨੇ ਦੌਰਾਨ ਕੈਨੇਡਾ ਦੀ ਆਬਾਦੀ ‘ਚ 776.217 ਦਾ ਵਾਧਾ ਹੋਇਆ ਅਤੇ ਬਾਕੀ ਤਿੰਨ ਮਹੀਨੇ ਦੌਰਾਨ ਇਸੇ ਰਫ਼ਤਾਰ ਨੂੰ ਆਧਾਰ ਮੰਨਿਆ ਜਾਵੇ ਤਾਂ ਕੁੱਲ ਵਾਧਾ ਇੱਕ ਮਿਲੀਅਨ ਤੋਂ ਉਪਰ ਬਣਦਾ ਹੈ। 1867 ਵਿਚ ਕੈਨੇਡੀਅਨ ਫੈਡਰੇਸ਼ਨ ਹੋਂਦ ‘ਚ ਆਉਣ ਤੋਂ ਬਾਅਦ ਕਦੇ ਵੀ ਪੂਰੇ ਸਾਲ ਦੌਰਾਨ ਐਨਾ ਵਾਧਾ ਦਰਜ ਨਹੀਂ ਕੀਤਾ ਗਿਆ। ਕੈਨੇਡਾ ਦੀ ਵਸੋਂ ਵਿਚ ਇਸ ਤਰਾਂ ਵਾਧਾ ਜਾਰੀ ਰਿਹਾ ਤਾਂ 2023 ਦੌਰਾਨ ਕਿਸੇ ਵੀ ਵੇਲੇ ਮੁਲਕ ਦੀ ਆਬਾਦੀ 4 ਕਰੋੜ ਦਾ ਅੰਕੜਾ ਪਾਰ ਕਰ ਸਕਦੀ ਹੈ।
ਫੀਸਦ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ 1957 ਦੀ ਦੂਜੀ ਤਿਮਾਹੀ ਦੌਰਾਨ 1 ਲੱਖ 98 ਹਜ਼ਾਰ ਜਾਂ ਕੁੱਲ ਆਬਾਦੀ ਦਾ 1.2 ਫੀਸਦੀ ਵਾਧਾ ਦਰਜ ਕੀਤਾ ਗਿਆ ਸੀ ਜੋ ਹੁਣ ਤੱਕ ਦਾ ਰਿਕਾਰਡ ਹੈ। ਉਸ ਵੇਲੇ ਕੈਨੇਡਾ ਦੀ ਕੁੱਲ ਆਬਾਦੀ 1 ਕਰੋੜ 67 ਲੱਖ ਸੀ ਪਰ ਅੰਕੜੇ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਪਹਿਲੀ ਜੁਲਾਈ 2022 ਤੋਂ ਪਹਿਲੀ ਅਕਤੂਬਰ 2022 ਤੱਕ ਦੀ ਤਿਮਾਹੀ ਸਭ ਤੋਂ ਅੱਗੇ ਰਹੀ।