ਟੋਰਾਂਟੋ: ਓਨਟਾਰੀਓ ਵਿੱਚ ਹੁਣ ਘੱਟ ਆਮਦਨ ਵਾਲੇ ਬਜ਼ੁਰਗਾਂ ਨੂੰ ਸੂਬਾ ਸਰਕਾਰ ਤੋਂ ਦੁੱਗਣੀ ਆਰਥਿਕ ਸਹਾਇਤਾ ਮਿਲੇਗੀ। ਗਾਰੰਟੀਡ ਐਨੂਅਲ ਇਨਕਮ ਸਿਸਟਮ ਅਧੀਨ ਦਿੱਤੀ ਜਾਣ ਵਾਲੀ ਰਕਮ ਦੁੱਗਣੀ ਹੋਣ ‘ਤੇ ਕੈਨਏਜ ਦੀ ਡਾਇਰੈਕਟਰ ਡਾਇਨਾ ਕੇਬਲ ਨੇ ਕਿਹਾ ਕਿ ਬਜ਼ੁਰਗਾਂ ਨੂੰ ਕਈ ਅਣਕਿਆਸੀਆਂ ਚੁਣੌਤੀਆਂ ਦਾ ਟਾਕਰਾ ਕਰਨਾ ਪੈ ਰਿਹਾ ਹੈ ਅਤੇ ਰਕਮ ‘ਚ ਵਾਧੇ ਨਾਲ ਉਨ੍ਹਾਂ ਨੂੰ ਮਦਦ ਮਿਲੇਗੀ। ਡਾਇਨਾ ਨੇ ਦੱਸਿਆ ਕਿ ਘੱਟ ਆਮਦਨ ਵਾਲੇ ਬਜ਼ੁਰਗਾਂ ਨੂੰ ਰੋਟੀ, ਦਵਾਈਆਂ ਅਤੇ ਹੀਟਿੰਗ ‘ਚੋਂ ਕੋਈ ਨਾ ਕੋਈ ਚੀਜ਼ ਛੱਡਣੀ ਪੈ ਰਹੀ ਹੈ ਜਦਕਿ ਅਤਿ ਦੀ ਠੰਢ ‘ਚ ਹਰ ਚੀਜ਼ ਜ਼ਰੂਰੀ ਹੈ।
ਸੂਬਾ ਸਰਕਾਰ ਮੁਤਾਬਕ ਗਾਰੰਟੀਡ ਐਨੁਅਲ ਇਨਕਮ ਸਿਸਟਮ ਅਧੀਨ ਦਿੱਤੀ ਜਾਣ ਵਾਲੀ ਰਕਮ ਜੋੜਿਆਂ ਦੇ ਮਾਮਲੇ ‘ਚ 332 ਡਾਲਰ ਪ੍ਰਤੀ ਮਹੀਨਾ ਹੋ ਜਾਵੇਗੀ ਜਦਕਿ ਇਕੱਲੇ ਵਿਅਕਤੀ ਦੇ ਮਾਮਲੇ ‘ਚ 166 ਡਾਲਰ ਦਿੱਤੇ ਜਾਣਗੇ। ਪੂਰੇ ਸਾਲ ਦੌਰਾਨ ਇਕ ਵਿਅਕਤੀ ਨੂੰ ਲਗਭਗ ਇਕ ਹਜ਼ਾਰ ਡਾਲਰ ਵੱਧ ਮਿਲਣਗੇ। ਉੱਧਰ ਦੂਜੇ ਪਾਸੇ ਡਾਇਨਾ ਦਾ ਕਹਿਣਾ ਸੀ ਕਿ ਆਰਥਿਕ ਸਹਾਇਤਾ ‘ਚ ਵਾਧੇ ਨੂੰ ਪੱਕੇ ਤੌਰ ‘ਤੇ ਲਾਗੂ ਕੀਤਾ ਜਾਵੇ। ਇਹ ਆਰਥਿਕ ਸਹਾਇਤਾ ਸਿੱਧੇ ਤੌਰ ‘ਤੇ ਬਜ਼ੁਰਗਾਂ ਲਈ ਮਦਦਗਾਰ ਸਾਬਤ ਹੁੰਦੀ ਹੈ ਕਿਉਂਕਿ ਇਸ ‘ਤੇ ਕੋਈ ਟੈਕਸ ਨਹੀਂ ਲਗਦਾ।
ਓਨਟਾਰੀਓ ਦੇ ਬਜ਼ੁਰਗਾਂ ਨੂੰ ਹੁਣ ਤੱਕ ਢਾਈ ਡਾਲਰ ਤੋਂ ਲੈ ਕੇ 83 ਡਾਲਰ ਪ੍ਰਤੀ ਮਹੀਨਾ ਮਿਲ ਰਹੇ ਸਨ ਅਤੇ ਐਨੀ ਘਟ ਰਕਮ ਨਾਲ ਜ਼ਰੂਰਤਾਂ ਪੂਰੀਆਂ ਕਰਨੀਆਂ ਸੰਭਵ ਨਹੀਂ। ਸੂਬੇ ਦੇ ਵਿੱਤ ਮੰਤਰੀ ਪੀਟਰ ਬੈਥਲੇਨਫੋਲਵੀ ਨੇ ਨਵੰਬਰ ਵਿਚ ਕਿਹਾ ਸੀ ਕਿ ਬਜ਼ੁਰਗਾਂ ਲਈ ਆਰਥਿਕ ਸਹਾਇਤਾ ਵਿਚ ਵਾਧੇ ਨਾਲ ਲਗਭਗ 2 ਲੱਖ ਲੋਕਾਂ ਨੂੰ ਫ਼ਾਇਦਾ ਹੋਵੇਗਾ। ਗਾਰੰਟੀਡ ਐਨੁਅਲ ਇਨਕਮ ਸਿਸਟਮ ਅਧੀਨ ਬਜ਼ੁਰਗਾਂ ਨੂੰ ਮਿਲਣ ਵਾਲੀ ਰਕਮ ਬੁਢਾਪਾ ਪੈਨਸ਼ਨ ਅਤੇ ਗਾਰੰਟੀਡ ਇਨਕਮ ਸਪਲੀਮੈਂਟਸ ਦੀਆਂ ਅਦਾਇਗੀਆਂ ਤੋਂ ਵੱਖਰੀ ਹੁੰਦੀ ਹੈ। 65 ਸਾਲ ਤੋਂ ਵੱਧ ਉਮਰ ਵਾਲੇ ਇਹ ਸਹਾਇਤਾ ਲੈਣ ਦੇ ਹੱਕਦਾਰ ਹਨ ਜੋ ਘਟੋਂ ਘੱਟ 10 ਸਾਲ ਪਹਿਲਾਂ ਕੈਨੇਡੀਅਨ ਸਿਟੀਜ਼ਨ ਬਣ ਚੁੱਕੇ ਹੋਣ।