ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ 7 ਫ਼ਰਵਰੀ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੈਨੇਡੀਅਨ ਪ੍ਰੀਮੀਅਰਾਂ ਦਰਮਿਆਨ ਹੋਣ ਵਾਲੀ ਬੈਠਕ ਤੋਂ ਬਾਅਦ ਹੈਲਥ-ਕੇਅਰ ਸਮਝੌਤਾ ਹੋ ਸਕਦਾ ਹੈ। ਫ਼ੋਰਡ ਨੇ ਹਾਲ ਹੀ ਵਿਚ ਟਰੂਡੋ ਵੱਲੋਂ ਕੀਤੀ ਟਿੱਪਣੀ ਨੂੰ ਵੀ ਦੁਹਰਾਇਆ ਕਿ 7 ਫ਼ਰਵਰੀ ਨੂੰ ਹੋਣ ਵਾਲੀ ਬੈਠਕ ਵਿਚ ਕਿਸੇ ਸਮਝੌਤੇ ‘ਤੇ ਹਸਤਾਖਰ ਨਹੀਂ ਕੀਤੇ ਜਾਣਗੇ। ਪਰ ਉਹਨਾਂ ਕਿਹਾ ਕਿ ਬੈਠਕ ਤੋਂ ਕੁਝ ਸਮਾਂ ਬਾਅਦ ਹੀ ਕੈਨੇਡਾ ਹੈਲਥ ਟ੍ਰਾਂਸਫ਼ਰ ਨੂੰ ਲੈਕੇ ਕੋਈ ਸਮਝੌਤਾ ਹੋ ਸਕਦਾ ਹੈ।
ਪ੍ਰੀਮੀਅਰਾਂ ਦਾ ਕਹਿਣਾ ਹੈ ਕਿ ਫ਼ੈਡਰਲ ਸਰਕਾਰ ਕੈਨੇਡਾ ਵਿਚ ਹੈਲਥ ਕੇਅਰ ਦੀ ਲਾਗਤ ਦਾ 22 ਫ਼ੀਸਦੀ ਕਵਰ ਕਰਦੀ ਹੈ ਅਤੇ ਉਹ ਚਾਹੁੰਦੇ ਹਨ ਕਿ ਫ਼ੈਡਰਲ ਸਰਕਾਰ 35 ਫ਼ੀਸਦੀ ਲਾਗਤ ਕਵਰ ਕਰੇ। ਟਰੂਡੋ ਕਹਿ ਚੁੱਕੇ ਹਨ ਕਿ ਫ਼ੰਡਿੰਗ ਵਾਧਾ ਬਗ਼ੈਰ ਸ਼ਰਤਾਂ ਦੇ ਨਹੀਂ ਹੋਵੇਗਾ। ਫ਼ੋਰਡ ਨੇ ਕਿਹਾ ਕਿ ਉਹ ਵਾਧੂ ਫ਼ੈਡਰਲ ਫ਼ੰਡਿੰਗ ਦੀ ਵਰਤੋਂ ਹੋਰ ਡਾਕਟਰਾਂ ਅਤੇ ਨਰਸਾਂ ਨੂੰ ਭਰਤੀ ਕਰਨ ਅਤੇ ਸਰਜਰੀਆਂ ਦੇ ਬੈਕਲੌਗ ਨਾਲ ਨਜਿੱਠਣ ਵਿਚ ਮਦਦ ਲਈ ਕਰਨਾ ਚਾਹੁੰਦੇ ਹਨ।
ਦ ਕੈਨੇਡੀਅਨ ਪ੍ਰੈੱਸ