ਕੈਨੇਡਾ ਦੀ ਵੱਡੀ ਕੰਪਨੀ ਇੰਡੀਗੋ ਬੁਕਸ ਐਂਡ ਮਿਊਜ਼ਿਕ ਇੰਕ ਦਾ ਕਹਿਣਾ ਹੈ ਕਿ ਇੱਕ ‘ਸਾਈਬਰ ਸੁਰੱਖਿਆ ਘਟਨਾ’ ਕਾਰਨ ਉਹਨਾਂ ਦੀ ਵੈੱਬਸਾਈਟ ਅਤੇ ਸਟੋਰਾਂ ਵਿਚ ਖ਼ਰੀਦੋ-ਫ਼ਰੋਖ਼ਤ ਪ੍ਰਭਾਵਿਤ ਹੋਈ ਹੈ। ਬੁੱਧਵਾਰ ਨੂੰ ਇਸ ਟੋਰੌਂਟੋ ਦੇ ਵੱਡੇ ਕਿਤਾਬ ਵਿਕਰੇਤਾ ਨਾਲ ਇਹ ਸਾਈਬਰ ਘਟਨਾ ਵਾਪਰੀ ਸੀ। ਵੀਰਵਾਰ ਸਵੇਰ ਤੱਕ ਵੀ ਇੰਡੀਗੋ ਦੀ ਵੈੱਬਸਾਈਟ ਬੰਦ ਪਈ ਸੀ।
ਕੰਪਨੀ ਨੇ ਵੈੱਬਸਾਈਟ ‘ਤੇ ਪੋਸਟ ਕੀਤੇ ਇੱਕ ਮੈਸੇਜ ਵਿਚ ਲਿਖਿਆ ਕਿ ਮਾਮਲੇ ਦੀ ਜਾਂਚ ਅਤੇ ਸਥਿਤੀ ਨੂੰ ਬਹਾਲ ਕਰਨ ਲਈ ਥਰਡ-ਪਾਰਟੀ ਮਾਹਰਾਂ ਨਾਲ ਕੰਮ ਕੀਤਾ ਜਾ ਰਿਹਾ ਹੈ। ਇੰਡੀਗੋ ਨੇ ਦੱਸਿਆ ਕਿ ਫ਼ਿਲਹਾਲ ਇਲੈਕਟ੍ਰੌਨਿਕ ਭੁਗਤਾਨ ਨਹੀਂ ਹੋ ਪਾ ਰਿਹਾ ਹੈ ਅਤੇ ਗਿਫ਼ਟ ਕਾਰਡ ਵੀ ਸਵੀਕਾਰ ਨਹੀਂ ਕੀਤੇ ਜਾ ਰਹੇ ਹਨ। ਸਟੋਰਾਂ ਵਿਚ ਵੀ ਵਿਕਰੀ ਸਿਰਫ਼ ਨਕਦ ਪੈਸੇ ਦੇ ਕੇ ਕੀਤੀ ਜਾ ਰਹੀ ਹੈ।