ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਵੱਡੀ ਤਬਦੀਲੀ ਕਰਦਿਆਂ, PR ਦੀ ਅਰਜ਼ੀ ਦੇਣ ਲਈ ਕੇਅਰਗਿਵਰ ਪ੍ਰੋਗਰਾਮ ਵਿੱਚ ਤਜਰਬੇ ਦੀ ਸ਼ਰਤ ਨੂੰ 24 ਮਹੀਨਿਆਂ ਤੋਂ ਘਟਾ ਕੇ 12 ਮਹੀਨੇ ਕਰ ਦਿੱਤਾ ਗਿਆ ਹੈ। ਨਵੇਂ ਨਿਯਮ 30 ਅਪ੍ਰੈਲ ਤੋਂ ਲਾਗੂ ਹੋ ਜਾਣਗੇ। ਇਸ ਪ੍ਰੋਗਰਾਮ ਵਿੱਚ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਅਤੇ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਨ ਵਾਲੇ ਹੋਮ ਸਪੋਰਟ ਵਰਕਰ ਆਉਂਦੇ ਹਨ। ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਿਕ 2019 ਤੋਂ ਬਾਅਦ ਕਰੀਬ 16,000 ਬਿਨੈਕਾਰਾਂ ਨੇ ਇਸ ਸ਼੍ਰੇਣੀ ਵਿੱਚ ਕੈਨੇਡਾ ਦੀ PR ਹਾਸਿਲ ਕੀਤੀ ਹੈ। 2022 ਦੌਰਾਨ 1100 ਬਿਨੈਕਾਰਾਂ ਨੇ ਕੈਨੇਡਾ ਦੀ PR ਹਾਸਿਲ ਕੀਤੀ ਹੈ।
PR ਲਈ ਪਹਿਲਾਂ 24 ਮਹੀਨਿਆਂ ਦਾ ਤਜਰਬਾ ਲਾਜ਼ਮੀ ਸੀ ਜੋ ਕਿ 30 ਅਪ੍ਰੈਲ ਤੋਂ 12 ਮਹੀਨਿਆਂ ਦਾ ਕਰ ਦਿੱਤਾ ਗਿਆ ਹੈ। ਇਹ ਤਜਰਬਾ ਕੈਨੇਡਾ ਦੇ ਵਿੱਚ ਹੋਣਾ ਚਾਹੀਦਾ ਹੈ ਅਤੇ ਤਿੰਨ ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ। ਇਸ ਤੋਂ ਇਲਾਵਾ ਬਿਨੈਕਾਰਾਂ ਨੂੰ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਵਿੱਚ ਮੁਹਾਰਤ ਦਰਸਾਉਣੀ ਪੈਂਦੀ ਹੈ। ਬਿਨੈਕਾਰ ਨੂੰ CLB ਲੈਵਲ 5 ਹਾਸਿਲ ਕਰਨਾ ਪੈਂਦਾ ਹੈ। CLB ਲੈਵਲ 5 ਤੋਂ ਭਾਵ IELTS ਵਿੱਚੋਂ ਰੀਡਿੰਗ ਵਿੱਚੋਂ 4, ਸਪੀਕਿੰਗ, ਲਿਸਨਿੰਗ ਅਤੇ ਰਾਈਟਿੰਗ ਵਿੱਚੋਂ 5 ਬੈਂਡ ਹੋਣਾ ਹੈ। ਕੈਨੇਡਾ ਤੋਂ ਬਾਹਰ ਤਜਰਬਾ ਹਾਸਿਲ ਬਿਨੈਕਾਰ ਸਿੱਧੀ PR ਦੀ ਅਰਜ਼ੀ ਨਹੀਂ ਦੇ ਸਕਦੇ ਅਤੇ ਉਹਨਾਂ ਨੂੰ ਪਹਿਲਾਂ ਕੈਨੇਡਾ ਵਿੱਚ ਆ ਕੇ ਤਜਰਬਾ ਹਾਸਿਲ ਕਰਨਾ ਪੈਂਦਾ ਹੈ। ਅਜਿਹੇ ਬਿਨੈਕਾਰ Work Permit ‘ਤੇ ਕੈਨੇਡਾ ਆ ਸਕਦੇ ਹਨ ਅਤੇ ਕੈਨੇਡਾ ਵਿੱਚ ਆ ਕੇ ਤਜਰਬਾ ਹਾਸਿਲ ਕਰਨ ਤੋਂ ਬਾਅਦ PR ਦੀ ਅਰਜ਼ੀ ਦੇ ਸਕਦੇ ਹਨ ।