ਸਟੈਟਿਸਟਿਕਸ ਕੈਨੇਡਾ ਮੁਤਾਬਿਕ ਜਨਵਰੀ ਮਹੀਨੇ ਵਿੱਚ ਮਹਿੰਗਾਈ ਦਰ ਘਟ ਕੇ 5.9 ਪ੍ਰਤੀਸ਼ਤ ਦਰਜ ਕੀਤੀ ਗਈ। ਇਸਦੇ ਨਾਲ ਹੀ ਭੋਜਨ ਦੀਆਂ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦਸੰਬਰ ਵਿੱਚ ਮਹਿੰਗਾਈ ਦਰ 6.3% ਦਰਜ ਕੀਤੀ ਗਈ ਸੀ। ਬੈਂਕ ਆਫ਼ ਕੈਨੇਡਾ ਵੱਲੋਂ ਵਿਆਜ ਦਰ ਵਿੱਚ ਲਗਾਤਾਰ ਵਾਧਾ ਕਰਕੇ ਮਹਿੰਗਾਈ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਮੁਤਾਬਿਕ ਗਰੋਸਰੀ ਦੀਆਂ ਕੀਮਤਾਂ ਦਾ ਵਾਧਾ ਲਗਾਤਾਰ ਜਾਰੀ ਹੈ।
ਫੈਡਰਲ ਏਜੰਸੀ ਮੁਤਾਬਿਕ ਮੀਟ , ਸਬਜ਼ੀਆਂ ਅਤੇ ਬੇਕਰੀ ਦੇ ਸਮਾਨ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇੱਕ ਸਾਲ ਪਹਿਲਾਂ ਦੇ ਮੁਕਾਬਲੇ ਕੀਮਤਾਂ ਵਿੱਚ 11.4 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੌਰਾਨ, ਉਪਭੋਗਤਾਵਾਂ ਨੇ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਜਨਵਰੀ ਵਿੱਚ ਸੈਲੂਲਰ ਸੇਵਾਵਾਂ ਲਈ ਘੱਟ ਭੁਗਤਾਨ ਕੀਤਾ ਕਿਉਂਕਿ ਬਾਕਸਿੰਗ ਡੇ ਨਾਲ ਸੰਬੰਧਿਤ ਆਫਰਜ਼ ਨੂੰ ਮਹੀਨੇ ਤੱਕ ਵਧਾਇਆ ਗਿਆ ਸੀ। ਵਾਹਨਾਂ ਦੀਆਂ ਕੀਮਤਾਂ ਵੀ ਸਾਲਾਨਾ ਆਧਾਰ ‘ਤੇ ਘੱਟ ਹੋ ਰਹੀਆਂ ਹਨ।