ਅਮਰੀਕਾ ਵਿੱਚ ਇਕ ਦਵਾਈ ਨੇ ਹੰਗਾਮਾ ਮਚਾਇਆ ਹੋਇਆ ਹੈ। ਜਿਸਨੂੰ ਖਾਣ ਨਾਲ ਚਮੜੀ ਹੋਲੀ-ਹੋਲੀ ਸੜਨੀ ਸ਼ੁਰੂ ਹੋ ਜਾਂਦੀ ਹੈ ਤੇ ਵਿਅਕਤੀ Zombie ਵਰਗਾ ਲਗਦਾ ਹੈ। ਇਸ ਦਵਾਈ ਦਾ ਨਾਂ Xylazine ਹੈ, ਜਿਸਦਾ ਕਹਿਰ ਕਈ ਸੂਬਿਆਂ ‘ਚ ਦੇਖਣ ਨੂੰ ਮਿਲ ਰਿਹਾ ਹੈ। ਜਿਨ੍ਹਾਂ ਲੋਕਾਂ ਨੇ ਪੀੜਤਾਂ ਨੂੰ ਦੇਖਿਆ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਇਹ ਦਵਾਈ ਇਨਸਾਨਾਂ ਨੂੰ ਜ਼ੋਂਬੀਜ਼ ਵਿੱਚ ਬਦਲ ਰਹੀ ਹੈ। US ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ ਨੇ ਜਾਨਵਰਾਂ ‘ਤੇ ਜ਼ਾਈਲਾਜ਼ੀਨ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਸੀ, ਪਰ ਇਹ ਦਵਾਈ ਹੁਣ ਘਾਤਕ ਬਣ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਇਸ ਦੀ ਵਰਤੋਂ ਨਸ਼ਾ ਕਰਨ ਲਈ ਕਰ ਰਹੇ ਹਨ, ਜਿਸ ਦਾ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ।
ਇਸ ਦਵਾਈ ਨੂੰ ਲੈਣ ਵਾਲੇ ਵਿਅਕਤੀ ਨੂੰ ਤੁਰੰਤ ਨੀਂਦ ਆਉਣ ਲੱਗਦੀ ਹੈ, ਉਸ ਦਾ ਸਾਹ ਹੌਲੀ ਹੋ ਜਾਂਦਾ ਹੈ। ਇਸ ਦੇ ਨਾਲ ਹੀ ਚਮੜੀ ਦੇ ਸੜਨ ਕਾਰਨ ਜ਼ਖ਼ਮ ਨਿਕਲਣ ਲੱਗਦੇ ਹਨ। ਕੁਝ ਮਾਮਲਿਆਂ ਵਿੱਚ ਵਿਅਕਤੀ ਦੀ ਚਮੜੀ ਇਸ ਹੱਦ ਤੱਕ ਸੜ ਜਾਂਦੀ ਹੈ ਕਿ ਅੰਤ ਵਿੱਚ ਮਰੀਜ਼ ਦੀ ਜਾਨ ਬਚਾਉਣ ਲਈ ਸਰੀਰ ਦੇ ਉਸ ਹਿੱਸੇ ਨੂੰ ਕੱਟਣਾ ਪੈਂਦਾ ਹੈ। ਰਿਪੋਰਟਾਂ ਮੁਤਾਬਕ Xylazine ਦੀ ਵਰਤੋਂ ਜਾਨਵਰਾਂ ਨੂੰ ਬੇਹੋਸ਼ ਕਰਨ ਲਈ ਕੀਤੀ ਜਾਂਦੀ ਹੈ। ਪਰ ਹੁਣ ਬਹੁਤ ਸਾਰੇ ਲੋਕ ਇਸ ਨੂੰ ਹੈਰੋਇਨ ਵਰਗੇ ਨਸ਼ਿਆਂ ਲਈ ਸਿੰਥੈਟਿਕ ਕਟਿੰਗ ਏਜੰਟ ਵਜੋਂ ਵਰਤ ਰਹੇ ਹਨ। ਇਹ ਨਸ਼ੇ ਸਭ ਤੋਂ ਪਹਿਲਾਂ ਫਿਲਾਡੇਲਫੀਆ ‘ਚ ਫੜੇ ਗਏ ਸਨ, ਜਿਸ ਤੋਂ ਬਾਅਦ ਸੈਨ ਫਰਾਂਸਿਸਕੋ ਸਮੇਤ ਅਮਰੀਕਾ ਦੇ ਕਈ ਸ਼ਹਿਰਾਂ ‘ਚ ਇਸ ਡਰੱਗ ਦੀ ਖਪਤ ਤੇਜ਼ੀ ਨਾਲ ਵਧ ਗਈ ਹੈ।