ਬਰੈਂਪਟਨ, (ਡਾ. ਝੰਡ) – ਬਰੈਂਪਟਨ ਵਿਚ ਵਿਚਰ ਰਹੀ ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ (ਟੀਪੀਏਆਰ ਕਲੱਬ) ਮਾਣ ਮਹਿਸੂਸ ਕਰ ਰਹੀ ਹੈ ਕਿ ਉਸ ਦੇ ਸਰਗ਼ਰਮ ਮੈਂਬਰ ਤੇਜ਼-ਤਰਾਰ ਮੈਰਾਥਨ ਦੌੜਾਕ ਧਿਆਨ ਸਿੰਘ ਸੋਹਲ 11 ਅਕਤੂਬਰ ਨੂੰ ਅਮਰੀਕਾ ਦੇ ਸ਼ਹਿਰ ਬੋਸਟਨ ਵਿਚ ਹੋ ਰਹੀ ਵਿਸ਼ਵ-ਪੱਧਰੀ ਮੈਰਾਥਨ ਦੌੜ ਵਿਚ ਭਾਗ ਲੈ ਰਹੇ ਹਨ। ਬੜੀ ਖ਼ੁਸ਼ੀ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਨਾਲ ਬਰੈਂਪਟਨ ਦੇ ਇਕ ਹੋਰ ਮੈਰਾਥਨ ਦੌੜਾਕ ਸਵਰਨ ਸਿੰਘ ਵੀ ਇਸ ਵਿਸ਼ਵ-ਪੱਧਰੀ ਦੌੜ ਵਿਚ ਹਿੱਸਾ ਲੈ ਰਹੇ ਹਨ। ਇੱਥੇ ਇਹ ਜਿ਼ਕਰਯੋਗ ਹੈ ਕਿ 66 ਸਾਲਾ ਮੈਰਾਥਨ ਦੌੜਾਕ ਧਿਆਨ ਸਿੰਘ ਸੋਹਲ ਨੇ ਇਸ ਵੱਕਾਰੀ ਦੌੜ ਲਈ ਸਾਲ 2019 ਵਿਚ ਕੁਆਲੀਫ਼ਾਈ ਕਰ ਲਿਆ ਸੀ, ਪਰ ਸਾਰੀ ਦੁਨੀਆਂ ਵਿਚ ਕਰੋਨਾ ਮਹਾਂਮਾਰੀ ਫੈਲ ਜਾਣ ਕਾਰਨ ਪਿਛਲੇ ਸਾਲ 2020 ਵਿਚ ਹੋਣ ਵਾਲਾ ਇਹ ਮੈਰਾਥਨ ਈਵੈਂਟ ਪ੍ਰਬੰਧਕਾਂ ਵੱਲੋਂ ਕੈਂਸਲ ਕਰ ਦਿੱਤਾ ਗਿਆ ਸੀ ਅਤੇ ਹੁਣ ਹਾਲਾਤ ਕੁਝ ਸੁਧਰਨ ਕਾਰਨ ਉਨ੍ਹਾਂ ਵੱਲੋਂ ਇਹ ਈਵੈਂਟ 11 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ।
ਟੀਪੀਏਆਰ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਨੇ ਇਸ ਦੇ ਬਾਰੇ ਗੱਲ ਕਰਦਿਆਂ ਦੱਸਿਆ ਕਿ ਧਿਆਨ ਸਿੰਘ ਸੋਹਲ ਅਤੇ ਸਵਰਨ ਸਿੰਘ ਦੀ ਹੌਸਲਾ-ਅਫ਼ਜ਼ਾਈ ਲਈ ਉਨ੍ਹਾਂ ਦੇ ਨਾਲ ਉਹ ਆਪ, ਜਗਤਾਰ ਸਿੰਘ ਗਰੇਵਾਲ ਅਤੇ ਅਵਤਾਰ ਸਿੰਘ ਪਿੰਕੀ ਵੀ ਜਾ ਰਹੇ ਹਨ। ਉਹ ਸਾਰੇ 9 ਅਕਤੂਬਰ ਨੂੰ ਸਵੇਰੇ ਬੋਸਟਨ ਜਾਣ ਵਾਲੀ ਫ਼ਲਾਈਟ ਲੈਣਗੇ ਅਤੇ ਉੱਥੇ ਪਹੁੰਚ ਕੇ 10 ਅਕਤੂਬਰ ਵਾਲੇ ਦਿਨ ਧਿਆਨ ਸਿੰਘ ਸੋਹਲ ਅਤੇ ਸਵਰਨ ਸਿੰਘ ਰੈੱਸਟ ਕਰਨ ਤੋਂ ਬਾਅਦ 11 ਅਕਤੂਬਰ ਨੂੰ ਸਵੇਰੇ 10 ਵਜੇ ਇਸ ਸੰਸਾਰ ਪੱਧਰੀ ਮੈਰਾਥਨ ਦੌੜ ਵਿਚ ਸ਼ਾਮਲ ਹੋਣਗੇ।
ਇੱਥੇ ਇਹ ਵਰਨਣਯੋਗ ਹੈ ਕਿ ਲੰਘੇ ਸ਼ੁਕਰਵਾਰ 1 ਅਕਤੂਬਰ ਨੂੰ ਬਰੈਂਪਟਨ ਸਿਟੀ ਕਾਂਉਂਸਲ ਦੇ ਦਫ਼ਤਰ ਵਿਚ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਅਤੇ ਸਿਟੀ ਕਾਉਂਸਲਰ ਹਰਕੀਰਤ ਸਿੰਘ ਵੱਲੋਂ ਧਿਆਨ ਸਿੰਘ ਸੋਹਲ ਨੂੰ ‘ਜੀ-ਆਇਆਂ’ ਕਿਹਾ ਗਿਆ ਸੀ ਅਤੇ ਉਨ੍ਹਾਂ ਨੂੰ 11 ਅਕਤੂਬਰ ਨੂੰ ਹੋ ਰਹੀ ਬੋਸਟਨ ਮੈਰਾਥਨ ਵਿਚ ਭਾਗ ਲੈਣ ਲਈ ਸ਼ੁਭ-ਇੱਛਾਵਾਂ ਦਿੱਤੀਆਂ ਗਈਆਂ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਟੀਪੀਏਆਰ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ, ਗੁਰਦੇਵ ਸਿੰਘ ਗਿੱਲ, ਪੱਤਰਕਾਰ ਸੱਤਪਾਲ ਜੌਹਲ, ਡਾ[ ਜੈਪਾਲ ਸਿੱਧੂ, ਕੋਚ ਕਰਮਜੀਤ ਸਿੰਘ ਖੰਗੂਰਾ ਅਤੇ ਨਰਿੰਰਪਾਲ ਉਰਫ਼ ਪਾਲ ਬੈਂਸ ਸ਼ਾਮਲ ਸਨ। ਧਿਆਨ ਸਿੰਘ ਸੋਹਲ ਵੱਲੋਂ ਬੋਸਟਨ ਵਿਖੇ 11 ਅਕਤੂਬਰ ਨੂੰ ਪਹਿਨੀ ਜਾਣ ਵਾਲੀ ਜਰਸੀ ਉੱਪਰ ਫ਼ਲਾਵਰ ਸਿਟੀ ਬਰੈਂਪਟਨ ਦੇ ਲੋਗੋ ਤੋਂ ਇਲਾਵਾ, ਲੀਜੈਂਡ ਟਾਇਰਜ਼, ਰੈੱਡ ਰੌਕ, ਕੌਨੈੱਕਸ ਇਨਸ਼ੋਅਰੈਂਸ ਬਰੋਕਰਜ਼, ਬਰੈਂਪਟਨ ਪੇਂਟਿੰਗ਼, ਜੀ.ਟੀ.ਐੱਮ., ਦੇਸੀ ਚੱਕੀ ਮਿੱਲਟ ਫ਼ਲੋਰ, ਏਕਰਸ, ਕੈਨੇਡੀਅਨ ਪੰਜਾਬੀ ਪੋਸਟ, ਇੰਸਪੀਸੇਸ਼ਨਲ ਸਟੈੱਪਸ ਅਤੇ ਐੱਨਲਾਈਟ ਕਿੱਡਜ ਦੇ ਲੋਗੋ ਚਮਕਦੇ ਦਿਖਾਈ ਦੇ ਰਹੇ ਹਨ। ਸਾਰਿਆਂ ਵੱਲੋਂ ਧਿਆਨ ਸਿੰਘ ਸੋਹਲ ਅਤੇ ਸਵਰਨ ਸਿੰਘ ਨੂੰ ਇਸ ਮਿਆਰੀ ਦੌੜ ਵਿਚ ਸਫ਼ਲਤਾ ਲਈ ਸ਼ੁਭ-ਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਸੰਧੂਰਾ ਸਿੰਘ ਬਰਾੜ ਜਾਂ ਨਰਿੰਦਰ ਪਾਲ ਬੈਂਸ ਨੂੰ ਉਨ੍ਹਾਂ ਦੇ ਸੈੱਲ ਫ਼ੋਨ ਨੰਬਰਾਂ 647-893-3656 ਨੂੰ 416-275-9337 ‘ਤੇ ਸੰਪਰਕ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।