ਪੱਛਮੀ ਲੰਡਨ ਵਿੱਚ ਦੋ ਕਿਸ਼ੋਰਾਂ ਨੂੰ ਗਲਤੀ ਨਾਲ ਇੱਕ 16 ਸਾਲਾ ਸਿੱਖ ਲੜਕੇ ਦੀ ਬੇਰਹਿਮੀ ਨਾਲ ਹੱਤਿਆ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਹਿਲਿੰਗਡਨ ਦੇ ਰਹਿਣ ਵਾਲੇ 18 ਸਾਲ ਦੇ ਵਨੁਸ਼ਾਨ ਬਾਲਾਕ੍ਰਿਸ਼ਨਨ ਅਤੇ ਇਲਿਆਸ ਸੁਲੇਮਾਨ ਨੂੰ ਸੋਮਵਾਰ ਨੂੰ ਓਲਡ ਬੇਲੀ ਵਿਖੇ ਸੁਣਵਾਈ ਤੋਂ ਬਾਅਦ ਰਿਸ਼ਮੀਤ ਸਿੰਘ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਹੈ। ਦੋਵਾਂ ਨੇ ਸਿੱਖ ਲੜਕੇ ਨੂੰ ਇੱਕ ਵਿਰੋਧੀ ਗਿਰੋਹ ਨਾਲ ਸਬੰਧਤ ਸਮਝਿਆ ਸੀ। ਅਫਗਾਨਿਸਤਾਨ ਤੋਂ ਸ਼ਰਣ ਲੈਣ ਲਈ ਅਕਤੂਬਰ 2019 ਵਿੱਚ ਆਪਣੀ ਮਾਂ ਅਤੇ ਦਾਦੀ ਨਾਲ ਯੂਕੇ ਆਏ ਰਿਸ਼ਮੀਤ ਦਾ 15 ਵਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ।
ਮੈਟਰੋਪੋਲੀਟਨ ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ 24 ਨਵੰਬਰ, 2021 ਦੀ ਰਾਤ ਨੂੰ ਰਿਸ਼ਮੀਤ ਘਰ ਜਾ ਰਿਹਾ ਸੀ ਜਦੋਂ ਉਸਨੇ ਦੋ ਅਣਪਛਾਤੇ ਕਿਸ਼ੋਰਾਂ ਨੂੰ ਉਸਦੇ ਵੱਲ ਭੱਜਦੇ ਦੇਖਿਆ। ਉਹ ਸਾਊਥਾਲ ਵਿੱਚ ਰੈਲੇ ਰੋਡ ਤੋਂ ਹੇਠਾਂ ਭੱਜਿਆ, ਜਿੱਥੇ ਉਹ ਡਿੱਗ ਪਿਆ।ਉਸ ਦਾ ਪਿੱਛਾ ਕਰਨ ਵਾਲੇ ਵਿੱਚੋਂ ਇੱਕ ਨੇ ਉਸ ਦੀ ਪਿੱਠ ਵਿੱਚ ਘੱਟੋ-ਘੱਟ ਪੰਜ ਵਾਰ ਚਾਕੂ ਮਾਰਿਆ, ਅਤੇ ਦੂਜੇ ਨੇ ਉਸ ਨੂੰ ਘੱਟੋ-ਘੱਟ 10 ਵਾਰ ਚਾਕੂ ਮਾਰਿਆ। ਉਸ ਨੂੰ ਜ਼ਮੀਨ ਉੱਤੇ ਖ਼ੂਨ ਨਾਲ ਲੱਥਪੱਥ ਛੱਡ ਕੇ ਹਮਲਾਵਾਰ ਉੱਥੋ ਫਰਾਰ ਹੋ ਗਏ। ਪੁਛਗਿੱਛ ਵਿੱਚ ਸਾਹਮਣੇ ਆਇਆ ਕਿ ਬਾਲਾਕ੍ਰਿਸ਼ਨਨ ਅਤੇ ਸੁਲੇਮਾਨ ਨੇ ਆਪਣੀ ਬਾਈਕ ਪੁਲ ਦੇ ਕੋਲ ਸੁੱਟ ਦਿੱਤੀ ਅਤੇ ਰਿਸ਼ਮੀਤ ਦਾ ਪੈਦਲ ਪਿੱਛਾ ਕੀਤਾ, ਫਿਰ ਦੋਵਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ। ਰਿਸ਼ਮੀਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਹ ਘਟਨਾ ਸਥਾਨ ਤੋਂ ਭੱਜਦੇ ਹੋਏ ਸੀਸੀਟੀਵੀ ‘ਤੇ ਕੈਦ ਹੋ ਗਏ ਹਨ। ਪੁਲਿਸ ਅਧਿਕਾਰੀ 999 ਕਾਲ ਪ੍ਰਾਪਤ ਕਰਨ ਤੋਂ ਬਾਅਦ ਘਟਨਾ ਵਾਲੀ ਥਾਂ ‘ਤੇ ਪਹੁੰਚੇ, ਪਰ ਇਸ ‘ਤੋਂ ਪਹਿਲਾ ਹੀ ਰਿਸ਼ਮੀਤ ਦੀ ਮੌਤ ਹੋ ਗਈ ਸੀ। ਬਾਲਾਕ੍ਰਿਸ਼ਨਨ ਨੂੰ 2 ਦਸੰਬਰ, 2021 ਨੂੰ ਉਸ ਦੇ ਘਰ ਦੇ ਪਤੇ ਤੋਂ ਕਤਲ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਸੁਲੇਮਾਨ ਨੂੰ 9 ਦਸੰਬਰ ਨੂੰ ਐਡਗਵੇਅਰ ਦੇ ਇੱਕ ਪਤੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਇੰਨ੍ਹਾਂ ਨੂੰ 28 ਅਪ੍ਰੈਲ, 2023 ਨੂੰ ਓਲਡ ਬੇਲੀ ਵਿਖੇ ਸਜ਼ਾ ਸੁਣਾਈ ਜਾਵੇਗੀ।