ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ 23 ਅਤੇ 24 ਮਾਰਚ ਨੂੰ ਕੈਨੇਡਾ ਫ਼ੇਰੀ ‘ਤੇ ਆ ਰਹੇ ਹਨ। ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਇੱਕ ਨਿਊਜ਼ ਰਿਲੀਜ਼ ਜਾਰੀ ਕਰਦਿਆਂ ਬਾਈਡਨ ਦੇ ਦੌਰੇ ਦੀ ਪੁਸ਼ਟੀ ਕੀਤੀ ਹੈ। ਰਾਸ਼ਟਰਪਤੀ ਬਣਨ ਤੋਂ ਬਾਅਦ ਬਾਈਡਨ ਦਾ ਕੈਨੇਡਾ ਨੂੰ ਇਹ ਪਹਿਲਾ ਵਿਅਕਤੀਗਤ ਦੌਰਾ ਹੋਵੇਗਾ। ਇਸ ਦੌਰਾਨ ਉਹ ਪਾਰਲੀਮੈਂਟ ਨੂੰ ਵੀ ਸੰਬੋਧਨ ਕਰਨਗੇ।
ਇਸ ਰਿਲੀਜ਼ ਵਿਚ ਟਰੂਡੋ ਨੇ ਕਿਹਾ, ਮੈਂ ਕੈਨੇਡਾ ਵਿੱਚ ਰਾਸ਼ਟਰਪਤੀ ਬਾਈਡਨ ਦਾ ਸੁਆਗਤ ਕਰਨ ਲਈ ਉਤਸੁਕ ਹਾਂ। ਅਸੀਂ ਵਧਦੀ ਗਲੋਬਲ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਹਾਂ, ਆਪਣੇ ਮਹਾਂਦੀਪ ਅਤੇ ਆਪਣੀਆਂ ਸਾਂਝੀਆਂ ਕਦਰਾਂ-ਕੀਮਤਾਂ ਦੀ ਰੱਖਿਆ ਕਰਨ, ਦੋਵੇਂ ਮੁਲਕਾਂ ਦੇ ਲੋਕਾਂ ਅਤੇ ਕਾਰੋਬਾਰਾਂ ਲਈ ਵਧੇਰੇ ਮੌਕੇ ਪੈਦਾ ਕਰਨ, ਅਤੇ ਭਰੋਸੇਯੋਗ ਸਪਲਾਇਰਾਂ ਵਜੋਂ ਮਜ਼ਬੂਤ ਅਰਥਵਿਵਸਥਾਵਾਂ ਦਾ ਨਿਰਮਾਣ ਕਰਨ ਲਈ, ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ। ਵ੍ਹਾਈਟ ਹਾਊਸ ਦੀ ਪ੍ਰੈਸ ਸੈਕਰੇਟਰੀ, ਕੈਰੀਨ ਯੌ-ਪੀਅਰ ਨੇ ਪੁਸ਼ਟੀ ਕੀਤੀ ਕਿ ਕੈਨੇਡਾ ਦੌਰੇ ਦੌਰਾਨ ਜੋਅ ਬਾਈਡਨ ਦੀ ਪਤਨੀ ਅਤੇ ਫ਼ਸਟ ਲੇਡੀ ਜਿਲ ਬਾਈਡਨ ਵੀ ਉਹਨਾਂ ਦੇ ਨਾਲ ਹੋਣਗੇ। ਕੈਰੀਨ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੇ ਲੀਡਰ ਸਾਂਝੀ ਸੁਰੱਖਿਆ, ਕਲਾਈਮੇਟ ਚੇਂਜ, ਸਪਲਾਈ ਚੇਨਾਂ ਦੀ ਮਜ਼ਬੂਤੀ, ਹੇਤੀ ਸੰਕਟ ਨਾਲ ਨਜਿੱਠਣ ਵਰਗੇ ਕਈ ਹੋਰ ਮੁੱਦਿਆਂ ‘ਤੇ ਗੱਲਬਾਤ ਕਰਨਗੇ।