ਫ਼ੈਡਰਲ ਬਜਟ 28 ਮਾਰਚ ਨੂੰ ਪੇਸ਼ ਕੀਤਾ ਜਾਣਾ ਹੈ ਅਤੇ ਬਜਟ ਸਬੰਧੀ ਕੰਜ਼ਰਵੇਟਿਵ ਪਾਰਟੀ ਦੀਆਂ ਤਰਜੀਹਾਂ ਬਾਰੇ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਕਿਹਾ ਕਿ ਆਉਣ ਵਾਲੇ ਫ਼ੈਡਰਲ ਬਜਟ ਵਿਚ ਖ਼ਰਚੇ ਸੀਮਤ ਹੋਣੇ ਚਾਹੀਦੇ ਹਨ, ਟੈਕਸਾਂ ਵਿਚ ਕਟੌਤੀ ਹੋਣੀ ਚਾਹੀਦੀ ਹੈ ਅਤੇ ਘਰ ਬਣਾਉਣਾ ਅਸਾਨ ਹੋਣਾ ਚਾਹੀਦਾ ਹੈ।
ਪੌਲੀਐਵ ਨੇ ਇਲਜ਼ਾਮ ਲਗਾਇਆ ਕਿ ਮਹਿੰਗਾਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਾਰਨ ਵਧੀ ਹੈ ਤੇ ਉਨ੍ਹਾਂ ਕਰਕੇ ਹੀ ਕੈਨੇਡੀਅਨਜ਼ ਲਈ ਆਪਣੀਆਂ ਰੁਜ਼ਾਨਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਪੌਲੀਐਵ ਵੱਲੋਂ ਸਰਕਾਰ ਦੀ ਨੁਕਤਾਚੀਨੀ ਅਜਿਹੇ ਸਮੇਂ ਵਿਚ ਹੋ ਰਹੀ ਹੈ ਜਦੋਂ ਬੈਂਕ ਔਫ਼ ਕੈਨੇਡਾ ਨੇ ਮਹਿੰਗਾਈ ਨੂੰ ਕਾਬੂ ਕਰਨ ਲਈ ਵਿਆਜ ਦਰਾਂ ਕਾਫ਼ੀ ਵਧਾ ਦਿੱਤੀਆਂ ਹਨ, ਪਰ ਇਸ ਦੇ ਨਤੀਜੇ ਵੱਜੋਂ ਅਰਥਚਾਰੇ ਦੀ ਰਫ਼ਤਾਰ ਵੀ ਮੱਧਮ ਹੋਈ ਹੈ ਜਿਸ ਕਾਰਨ ਆਰਥਿਕ ਮੰਦੀ ਦੀ ਸੰਭਾਵਨਾ ਪੈਦਾ ਹੋ ਗਈ ਹੈ। ਪੀਅਰ ਪੌਲੀਐਵ ਨੇ ਮੰਗ ਕੀਤੀ ਕਿ ਟੈਕਸਾਂ ਵਿਚ ਕਟੌਤੀ ਹੋਣੀ ਚਾਹੀਦੀ ਹੈ ਤਾਂ ਕਿ ਕੈਨੇਡੀਅਨਜ਼ ਦੀ ਆਮਦਨ ਵਧ ਸਕੇ, ਦੂਸਰਾ ਸਰਕਾਰ ਨਵੀਂ ਫ਼ੰਡਿੰਗ ਦੇ ਬਰਾਬਰ ਦੇ ਸਰਕਾਰੀ ਧਨ ਦੀ ਬੱਚਤ ਨੂੰ ਵੀ ਸੁਨਿਸ਼ਚਿਤ ਕਰੇ ਅਤੇ ਤੀਸਰਾ ਸਰਕਾਰ ਬਿਲਡਿੰਗ ਪਰਮਿਟ ਵਿਚ ਤੇਜ਼ੀ, ਜ਼ਮੀਨ ਖ਼ਾਲੀ ਕਰਨ ਵਰਗੇ ਉਪਾਵਾਂ ਰਾਹੀਂ ਘਰ ਬਣਾਉਣ ਨੂੰ ਸੌਖਾ ਬਣਾਵੇ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਟੈਕਸਾਂ ਅਤੇ ਆਪਣੇ ਬਜਟ ਘਾਟਿਆਂ ਵਿਚ ਕਟੌਤੀ ਕਰਨ ਨਾਲ ਗੈਸ, ਹੀਟ ਅਤੇ ਗ੍ਰੋਸਰੀ ਦੀ ਲਾਗਤ ਘਟ ਸਕੇਗੀ, ਵਿਆਜ ਦਰਾਂ ਨੀਚੇ ਆ ਸਕਣਗੀਆਂ ਅਤੇ ਕੈਨੇਡੀਅਨਜ਼ ਇੱਕ ਵਾਰੀ ਫ਼ਿਰ ਤੋਂ ਮੌਰਗੇਜ ਅਫ਼ੋਰਡ ਕਰ ਸਕਣਗੇ।