26 ਜੂਨ ਨੂੰ ਹੋਣ ਵਾਲੀ ਟੋਰਾਂਟੋ ਮੇਅਰ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਸ਼ੁਰੂ ਹੋ ਗਈਆਂ ਹਨ। ਮੇਅਰ ਦੇ ਅਹੁਦੇ ਦੀ ਦੌੜ ਵਿਚ ਸ਼ਾਮਲ ਹੋਣ ਵਾਲੇ ਉਮੀਦਵਾਰ ਰਸਮੀ ਤੌਰ ‘ਤੇ ਅੱਜ ਸੋਮਵਾਰ ਤੋਂ ਆਪਣੀ ਉਮੀਦਵਾਰੀ ਦਰਜ ਕਰਵਾ ਸਕਣਗੇ। ਸਵੇਰੇ 8.30 ਤੋਂ ਨੌਮੀਨੇਸ਼ਨ ਪੀਰੀਅਡ ਸ਼ੁਰੂ ਹੋ ਗਿਆ ਹੈ ਜੋ 12 ਮਈ ਨੂੰ ਦੁਪਹਿਰ 2 ਵਜੇ ਤੱਕ ਜਾਰੀ ਰਹੇਗਾ। ਉਮੀਦਵਾਰ ਚੋਣ ਮੁਹਿੰਮ ਲਈ ਫ਼ੰਡ ਉਦੋਂ ਹੀ ਇਕੱਠਾ ਕਰ ਸਕਦੇ ਹਨ, ਜਦੋਂ ਉਹ ਅਧਿਕਾਰਤ ਤੌਰ ‘ਤੇ ਚੋਣ ਲੜਨ ਲਈ ਰਜਿਸਟਰ ਹੋਣ। ਜੌਨ ਟੋਰੀ ਨੇ ਫ਼ਰਵਰੀ ਵਿਚ ਆਪਣੇ ਸਟਾਫ਼ ਦੀ ਇੱਕ ਔਰਤ ਨਾਲ ਗ਼ੈਰ-ਵਾਜਬ ਸਬੰਧਾਂ ਦੀ ਗੱਲ ਕਬੂਲ ਕਰਦਿਆਂ ਨੈਤਿਕਤਾ ਦੇ ਅਧਾਰ ‘ਤੇ ਟੋਰਾਂਟੋ ਮੇਅਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਟੋਰਾਂਟੋ ਦਾ ਮੇਅਰ ਬਣਨ ਦੀ ਦੌੜ ਵਿਚ ਸਿਟੀ ਕੌਂਸਲਰ ਜੌਸ਼ ਮੈਟਲੋਅ ਅਤੇ ਬਰੈਡ ਬਰੈਡਫ਼ਰਡ , ਸਾਬਕਾ ਪੁਲਿਸ ਚੀਫ਼ ਮਾਰਕ ਸੌਂਡਰਜ਼, ਸਾਬਕਾ ਡਿਪਟੀ ਮੇਅਰ ਐਨਾ ਬੇਲਾਓ, ਸਾਬਕਾ ਸਿਟੀ ਕੌਂਸਲਰ ਜੌਰਜੀਓ ਮੈਮੋਲਿਟੀ, ਟੋਰੌਂਟੋ ਸਨ ਅਖ਼ਬਾਰ ਦੇ ਸਾਬਕਾ ਕਾਲਮਨਵੀਸ ਐਂਥਨੀ ਫ਼ੁਰੇਅ ਅਤੇ ਜਿਲ ਪੇਨਾਲੋਸਾ ਸ਼ਾਮਲ ਹਨ। ਇਸ ਤੋਂ ਇਲਾਵਾ ਓਨਟੇਰਿਓ ਤੋਂ ਲਿਬਰਲ ਐਮਪੀਪੀ ਮਿਟਜ਼ੀ ਹੰਟਰ ਵੀ ਟੋਰੌਂਟੋ ਦੇ ਮੇਅਰ ਦੀ ਚੋਣ ਵਿਚ ਖੜੇ ਹੋਣ ਲਈ ਆਪਣੀ ਸੂਬਾਈ ਸੀਟ ਤੋਂ ਅਸਤੀਫ਼ਾ ਦੇਣ ਦੀ ਯੋਜਨਾ ਬਣਾ ਰਹੇ ਹਨ।
ਸੀਬੀਸੀ ਨਿਊਜ਼