47 ਸਾਲ ਦੇ ਕੈਨੇਡੀਅਨ ਪੁਲਾੜ ਯਾਤਰੀ ਜੇਰੈਮੀ ਹੈਨਸਨ ਦਾ ਨਾਮ ਉਨ੍ਹਾਂ 4 ਪੁਲਾੜ ਯਾਤਰੀਆਂ ਵਿਚ ਸ਼ਾਮਲ ਹੈ ਜੋ ਨਾਸਾ ਦੇ ਅਰਟੇਮਿਸ II ਮਿਸ਼ਨ ਦਾ ਹਿੱਸਾ ਹੋਣਗੇ। ਬਾਕੀ ਤਿੰਨ ਪੁਲਾੜ ਯਾਤਰੀ ਕ੍ਰਿਸਟੀਨ ਕੋਚ, ਵਿਕਟਰ ਗਲੋਵਰ ਅਤੇ ਰੀਡ ਵਾਈਜ਼ਮੈਨ ਹਨ। ਟੈਕਸਸ ਦੇ ਹਿਊਸਟਨ ਵਿੱਖੇ ਸਥਿਤ ਨਾਸਾ ਦੇ ਜੌਨਸਨ ਸਪੇਸ ਸੈਂਟਰ ਤੋਂ ਸੋਮਵਾਰ ਨੂੰ ਐਲਾਨ ਕਰਦਿਆਂ ਹੈਨਸਨ ਨੇ ਕਿਹਾ, “ਇੱਕ ਕੈਨੇਡੀਅਨ ਵੀ ਚੰਦਰਮਾ ‘ਤੇ ਜਾ ਰਿਹਾ ਹੈ ਅਤੇ ਇਹ ਬਹੁਤ ਸ਼ਾਨਦਾਰ ਹੈ” ਹੈਨਸਨ ਸਮੇਤ ਚਾਰ ਕੈਨੇਡੀਅਨ ਪੁਲਾੜ ਯਾਤਰੀ, ਜਿਸ ਵਿਚ ਜੈਨੀਫ਼ਰ ਸਾਈਡੀ-ਗਿਬਨਜ਼, ਜੋਸ਼ੂਆ ਕੁਟਰਿਕ ਅਤੇ ਡੇਵਿਡ ਸੇਂਟ ਜੈਕਸ ਸ਼ਾਮਲ ਹਨ, ਚੰਦਰਮਾ ਦੀ ਪਰਿਕਰਮਾ ਲਈ ਓਰੀਅਨ ਪੁਲਾੜ ਯਾਨ ਵਿਚ ਜਾਣ ਲਈ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਵਿਚ ਸਨ।
ਅਰਟੇਮਿਸ I ਨਾਸਾ ਦੇ ਨਵੇਂ ਮੈਗਾ-ਰਾਕੇਟ – ਸਪੇਸ ਲਾਂਚ ਸਿਸਟਮ (SLS) ਅਤੇ ਇਸਦੇ ਕ੍ਰੂ ਕੈਪਸੂਲ, ਓਰੀਅਨ ਦਾ ਪਹਿਲਾ ਟੈਸਟ ਸੀ। ਬਿਨਾਂ ਚਾਲਕ ਦਲ ਦੇ, ਇਹ ਚੰਦਰਮਾ ਦੀ ਪਰਕਰਮਾ ਦੇ 25 ਦਿਨਾਂ ਦੇ ਮਿਸ਼ਨ ‘ਤੇ ਨਵੰਬਰ ਵਿੱਚ ਲਾਂਚ ਕੀਤਾ ਗਿਆ ਸੀ ਅਤੇ ਇਸ ਮਿਸ਼ਨ ਨੂੰ ਸਫਲ ਮੰਨਿਆ ਗਿਆ ਸੀ। ਅਰਟੇਮਿਸ II ਪੁਲਾੜ ਯਾਤਰੀਆਂ ਨੂੰ ਚੰਦਰਮਾ ਦੀ ਸਤ੍ਹਾ ‘ਤੇ ਫ਼ਿਰ ਤੋਂ ਉਤਾਰਨ ਦੇ ਸਿਲਸਿਲੇ ਵਿਚ ਨਾਸਾ ਦੇ ਮਿਸ਼ਨ ਦਾ ਅਗਲਾ ਕਦਮ ਹੈ। ਪੁਲਾੜ ਯਾਤਰੀ ਲੈਂਡਿੰਗ ਨਹੀਂ ਕਰਨਗੇ, ਸਗੋਂ ਉਹ ਓਰੀਅਨ ਪੁਲਾੜ ਯਾਨ ਵਿੱਚ 10 ਦਿਨਾਂ ਲਈ ਚੱਕਰ ਲਗਾਉਣਗੇ, ਅਤੇ ਅਰਟੇਮਿਸ III ਦੀ ਤਿਆਰੀ ਲਈ ਮੁੱਖ ਹਿੱਸਿਆਂ ਦੀ ਜਾਂਚ ਕਰਨਗੇ ਜੋਕਿ 1972 ਤੋਂ ਬਾਅਦ ਪਹਿਲੀ ਵਾਰ ਮਨੁੱਖ ਨੂੰ ਚੰਦਰਮਾ ‘ਤੇ ਉਤਾਰਨ ਦਾ ਮਿਸ਼ਨ ਹੈ।