ਕੈਨੇਡਾ ‘ਚ ਮਨਾਏ ਜਾਂਦੇ ਸਿੱਖ ਵਿਰਾਸਤੀ ਮਹੀਨੇ ਦੀ ਤਰਜ਼ ‘ਤੇ ਅਮਰੀਕਾ ‘ਚ ਸਿੱਖਾਂ ਦੇ ਇਤਿਹਾਸ ਨੂੰ ਦੇਖਦਿਆਂ 14 ਅਪ੍ਰੈਲ ਦਾ ਦਿਨ ਕੌਮੀ ਸਿੱਖ ਦਿਹਾੜੇ ਵਜੋਂ ਮਨਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਡੈਮੋਕ੍ਰੈਟਿਕ ਅਤੇ ਰਿਪਬਲਿਕਨ ਦੋਹਾਂ ਪਾਰਟੀਆਂ ਦੇ ਸੰਸਦ ਮੈਂਬਰਾਂ ਵੱਲੋਂ ਕੌਮੀ ਸਿੱਖ ਦਿਹਾੜੇ ਨਾਲ ਸਬੰਧਤ ਮਤਾ ਹਾਊਸ ਆਫ਼ ਰਿਜ਼ੈਂਟੇਟਿਵਜ਼ ‘ਚ ਪੇਸ਼ ਕੀਤਾ ਗਿਆ ਹੈ ਅਤੇ ਇਸ ਦੇ ਜਲਦ ਪਾਸ ਹੋਣ ਦੇ ਆਸਾਰ ਹਨ। ਮਤਾ ਪਾਸ ਹੋਣ ਤੋਂ ਬਾਅਦ ਅਮਰੀਕਾ ‘ਚ ਹਰ ਸਾਲ ਵਿਸਾਖੀ ਮੌਕੇ ਕੌਮੀ ਸਿੱਖ ਦਿਹਾੜਾ ਮਨਾਇਆ ਜਾਵੇਗਾ।
ਸੰਸਦ ਮੈਂਬਰ Mary Gay Scanlon ਵੱਲੋਂ ਪੇਸ਼ ਮਤਾ ਕਹਿੰਦਾ ਹੈ ਕਿ ਅਮਰੀਕਾ ‘ਚ ਸਿੱਖਾਂ ਵੱਲੋਂ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਮੁਲਕ ਦੇ ਬੁਨਿਆਦੀ ਸਿਧਾਂਤਾਂ ਨਾਲ ਮੇਲ ਖਾਂਦੀ ਹੈ। ਅਮਰੀਕਾ ਵਾਸੀ ਸਿੱਖ ਕੌਮ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਨ, ਜਿਨ੍ਹਾਂ ਨੇ ਮੁਲਕ ਦੇ ਸਮਾਜਿਕ ਤਾਣੇ-ਬਾਣੇ ਨੂੰ ਹੋਰ ਮਜ਼ਬੂਤ ਕਰਨ ‘ਚ ਵੱਡਾ ਯੋਗਦਾਨ ਪਾਇਆ। ਹੁਣ ਅਮਰੀਕਾ ਵਾਸੀਆਂ ਦਾ ਫ਼ਰਜ਼ ਬਣਦਾ ਹੈ ਕਿ ਖਾਲਸਾ ਸਾਜਨਾ ਦਿਹਾੜੇ ਮੌਕੇ ਅਮਰੀਕਾ ਵਿਚ ਕੌਮੀ ਸਿੱਖ ਦਿਹਾੜਾ ਮਨਾਇਆ ਜਾਵੇ। 1699 ਵਿਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਜਿਸ ਮਗਰੋਂ ਸਿੱਖ ਧਰਮ ਨੂੰ ਨਵੀਂ ਸੇਧ ਮਿਲੀ। ਭਾਰਤ ਸਣੇ ਦੁਨੀਆਂ ਦੇ ਕੋਨੇ-ਕੋਨੇ ‘ਚ ਵਸਦੇ ਸਿੱਖ ਵਿਸਾਖੀ ਅਤੇ ਖਾਲਸਾ ਸਾਜਨਾ ਦਿਹਾੜਾ ਪੂਰੇ ਉਤਸ਼ਾਹ ਨਾਲ ਮਨਾਉਂਦੇ ਹਨ ਅਤੇ ਅਜਿਹੇ ਵਿਚ ਸਿੱਖਾਂ ਵੱਲੋਂ ਅਮਰੀਕਾ ਦੀ ਬਿਹਤਰੀ ਲਈ ਕੀਤੇ ਕੰਮਾਂ ਦਾ ਅਹਿਸਾਨ ਚੁਕਾਉਣਾ ਲਾਜ਼ਮੀ ਹੈ। ਅਮਰੀਕੀ ਸੰਸਦ ਦੇ ਹੇਠਲੇ ਸਦਨ ‘ਚ ਇਹ ਮਤਾ ਅਜਿਹੇ ਸਮੇਂ ਪੇਸ਼ ਕੀਤਾ ਗਿਆ ਹੈ ਜਦੋਂ ਵਾਈਟ ਹਾਊਸ ਤੋਂ ਆਏ ਇੱਕ ਅਹਿਮ ਬਿਆਨ ‘ਚ ਬਾਇਡਨ ਸਰਕਾਰ ਨੇ ਕਿਹਾ ਹੈ ਕਿ ਭਾਰਤ ਨਾਲ ਰਿਸ਼ਤੇ ਵੱਡੀ ਅਹਿਮੀਅਤ ਰਖਦੇ ਹਨ।