ਕੈਨੇਡਾ-ਅਮਰੀਕਾ ਦੀ ਸਰਹੱਦ ‘ਤੇ ਭਾਰਤੀ ਪਰਿਵਾਰ ਸਣੇ 8 ਜਣਿਆਂ ਦੀ ਮੌਤ ਕਾਰਨ ਪਰਵਾਸੀਆਂ ‘ਚ ਰੋਸ ਹੈ। ਪਰਵਾਸੀਆਂ ਨੇ ਲੋਕ ਸੁਰੱਖਿਆ ਮੰਤਰੀ ਮਾਰਕੋ ਮੈਂਡੀਚੀਨੋ ਦੇ ਟੋਰਾਂਟੋ ਸਥਿਤ ਦਫ਼ਤਰ ਅੱਗੇ ਰੋਸ ਵਿਖਾਵਾ ਕਰਦਿਆਂ ਅਮਰੀਕਾ ਨਾਲ ਸੰਧੀ ਤੁਰੰਤ ਰੱਦ ਕਰਨ ਦੀ ਆਵਾਜ਼ ਚੁੱਕੀ। ਮੁਜ਼ਾਹਰਾਕਾਰੀਆਂ ਨੇ ਦਾਅਵਾ ਕੀਤਾ ਕਿ ਸੇਫ ਥਰਡ ਕੰਟਰੀ ਅਗਰੀਮੈਂਟ ‘ਚ ਸੋਧ ਤੋਂ ਦੋ ਹਫ਼ਤੇ ਬਾਅਦ ਸੇਂਟ ਲਾਰੈਂਸ ਨਦੀ ‘ਚ ਤਰਾਸਦੀ ਸਾਹਮਣੇ ਆਈ। ਸੇਫ ਥਰਡ ਕੰਟਰੀ ਸੰਧੀ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦੀ ਪਟੀਸ਼ਨ ਸ਼ੁਰੂ ਕੀਤੀ ਗਈ ਹੈ, ਜਿਸ ‘ਤੇ ਹਜ਼ਾਰਾਂ ਦਸਤਖ਼ਤ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਕਿਸੇ ਪਰਵਾਸੀ ਨੂੰ ਪੀ.ਆਰ. ਤੋਂ ਨਾਂਹ ਕਰਨੀ, ਮੌਤ ਦੀ ਸਜ਼ਾ ਸੁਣਾਉਣ ਦੇ ਬਰਾਬਰ ਹੈ।
ਦੱਸ ਦਈਏ ਕਿ ਸੇਫ ਥਰਡ ਕੰਟਰੀ ਸੰਧੀ 2004 ‘ਚ ਲਾਗੂ ਕੀਤੀ ਗਈ ਅਤੇ ਪਿਛਲੇ ਮਹੀਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਕੈਨੇਡਾ ਫੇਰੀ ਮੌਕੇ ਇਸ ‘ਚ ਸੋਧ ਕਰ ਦਿੱਤੀ ਗਈ। ਹੁਣ ਦੋਹਾਂ ਮੁਲਕਾਂ ਨੂੰ ਪਰਵਾਸੀਆਂ ਨੂੰ ਵਾਪਸ ਮੋੜਨ ਦਾ ਅਧਿਕਾਰ ਮਿਲ ਗਿਆ ਹੈ। ਇਸ ਦੇ ਉਲਟ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਦਾ ਕਹਿਣਾ ਹੈ ਕਿ ਦੁਨੀਆਂ ‘ਚ ਸਭ ਤੋਂ ਲੰਮੀ ਸਰਹੱਦ ਨੂੰ ਸੰਭਾਲਣ ਲਈ ਇਸ ਸੰਧੀ ਤੋਂ ਬਿਹਤਰ ਕੁਝ ਨਹੀਂ ਹੋ ਸਕਦਾ।ਕੈਨੇਡਾ ਦੀਆਂ ਸਰਹੱਦਾਂ `ਤੇ ਗਸ਼ਤ ਅਤੇ ਪੁਲਿਸਿੰਗ ਦੀ ਜ਼ਿੰਮੇਵਾਰੀ ਲੋਕ ਸੁਰੱਖਿਆ ਮੰਤਰੀ ਕੋਲ ਹੁੰਦੀ ਹੈ ਜਿਸ ਨੂੰ ਵੇਖਦਿਆਂ ਮੁਜ਼ਾਹਰਾਕਾਰੀ ਮਾਰਕੇ ਮੈਡੀਚੀਨੋ ਦੇ ਦਫ਼ਤਰ ਅੱਗੇ ਪੁੱਜ ਗਏ।