ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਨਜ਼ਦੀਕੀ ਸਾਥੀ ਪਪਲਪ੍ਰੀਤ ਸਿੰਘ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਤੱਕ ਦੀ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਵੱਲੋਂ ਦਿੱਲੀ ਪੁਲਿਸ ਨਾਲ ਕੀਤੇ ਗਏ ਜੁਆਇੰਟ ਆਪ੍ਰੇਸ਼ਨ ਦੌਰਾਨ ਪਪਲਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਪਲਪ੍ਰੀਤ ਸਿੰਘ ਅੰਮ੍ਰਿਤਪਾਲ ਦਾ ਨਜ਼ਦੀਕੀ ਹੈ। ਅਜਿਹੇ ‘ਚ ਹੁਣ ਉਸ ਦੀ ਗ੍ਰਿਫਤਾਰੀ ਨਾਲ ਪੁਲਿਸ ਨੂੰ ਅੰਮ੍ਰਿਤਪਾਲ ਨਾਲ ਜੁੜੀਆਂ ਕਈ ਵੱਡੀਆਂ ਜਾਣਕਾਰੀਆਂ ਮਿਲ ਸਕਦੀਆਂ ਹਨ।
ਪੰਜਾਬ ਪੁਲਸ ਵਲੋਂ ਅੰਮ੍ਰਿਤਪਾਲ ਸਿੰਘ ਅਤੇ ਪਪਲਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਲਈ ਪੰਜਾਬ ਸਣੇ ਦੇਸ਼ ਦੇ ਕਈ ਸੂਬਿਆਂ ਵਿਚ ਦਬਿਸ਼ ਕੀਤੀ ਗਈ। ਪੁਲਸ ਵਲੋਂ ਨੇਪਾਲ ਬਾਰਡਰ ’ਤੇ ਬਕਾਇਦਾ ਅੰਮ੍ਰਿਤਪਾਲ ਦੇ ਪੋਸਟਰ ਵੀ ਲਗਵਾਏ ਗਏ। ਇਸ ਆਪਰੇਸ਼ਨ ਦੌਰਾਨ ਅੰਮ੍ਰਿਤਪਾਲ ਸਿੰਘ ਅਤੇ ਪਪਲਪ੍ਰੀਤ ਦੀਆਂ ਤਸਵੀਰਾਂ ਕਈ ਵਾਰ CCTV ਕੈਮਰਿਆਂ ਵਿਚ ਕੈਦ ਹੋਈਆਂ। ਪੁਲਸ ਵਲੋਂ ਲਗਾਤਾਰ ਦੋਵਾਂ ਦੀ ਗ੍ਰਿਫ਼ਤਾਰੀ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਗਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਲਗਾਤਾਰ ਇਕੱਠੇ ਰਹਿਣ ਤੋਂ ਬਾਅਦ ਅੰਮ੍ਰਿਤਪਾਲ ਤੇ ਪਪਲਪ੍ਰੀਤ ਵੱਖ ਹੋ ਗਏ ਸਨ।