ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ‘ਤੇ ਦੋਸ਼ ਲਗਾਇਆ ਹੈ। ਪੰਜਾਬ ਵਿਜੀਲੈਂਸ ਵਿਭਾਗ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 14 ਅਪ੍ਰੈਲ ਨੂੰ ਸਵੇਰੇ 10 ਵਜੇ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਸੀ। ਇਸ ਤੋਂ ਪਹਿਲਾਂ 12 ਅਪ੍ਰੈਲ ਨੂੰ ਸਾਬਕਾ ਸੀਐੱਮ ਚੰਨੀ ਨੂੰ ਪੇਸ਼ ਹੋਣ ਲਈ ਕਿਹਾ ਸੀ ਜਿਸ ‘ਤੇ ਚਰਨਜੀਤ ਸਿੰਘ ਚੰਨੀ ਨੇ ਵਿਜੀਲੈਂਸ ਦਫਤਰ ਨੂੰ ਜ਼ਰੂਰੀ ਰੁਝੇਵੇਂ ਹੋਣ ਕਾਰਨ 20 ਤੱਕ ਪੇਸ਼ ਨਾਂ ਹੋ ਸਕਣ ਲਈ ਕਿਹਾ ਸੀ। ਇਸ ਤੋਂ ਬਾਅਦ ਵਿਜੀਲੈਂਸ ਵੱਲੋਂ ਚੰਨੀ ਨੂੰ 20 ਅਪ੍ਰੈਲ ਨੂੰ ਪੇਸ਼ ਹੋਣ ਦਾ ਸਮਾਂ ਦਿੱਤਾ ਗਿਆ ਸੀ ਤੇ ਹੁਣ 20 ਅਪ੍ਰੈਲ ਦੀ ਥਾਂ ਅੱਜ ਹੀ ਪੇਸ਼ ਹੋਣ ਦੇ ਹੁਕਮ ਵਿਜੀਲੈਂਸ ਵੱਲੋਂ ਜਾਰੀ ਕੀਤੇ ਗਏ।
ਪੰਜਾਬ ਸਰਕਾਰ ’ਤੇ ਦੋਸ਼ ਲਾਉਂਦਿਆਂ ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਅੱਜ ਮੈਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ, ਇੱਥੋਂ ਤੱਕ ਕਿ ਮੈਨੂੰ ਮਾਰਿਆ ਵੀ ਜਾ ਸਕਦਾ ਹੈ। ਮੈਨੂੰ ਰੋਜ਼ ਨੋਟਿਸ ਮਿਲ ਰਹੇ ਹਨ, ਮੇਰੇ ਕੋਲ ਕੋਈ ਜਾਇਦਾਦ ਨਹੀਂ ਹੈ। ਮਾਨਯੋਗ ਸਰਕਾਰ ਚਾਹੁੰਦੀ ਹੈ ਕਿ ਮੈਂ ਚੋਣ ਪ੍ਰਚਾਰ ਨਾ ਕਰਾਂ, ਇਸੇ ਕਰਕੇ ਵਿਸਾਖੀ ਵਾਲੇ ਦਿਨ ਮੈਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਇਕੱਲਾ ਹੀ ਵਿਜੀਲੈਂਸ ਦਫ਼ਤਰ ਜਾਵਾਂਗਾ।