ਕੈਨੇਡੀਅਨ ਰੀਅਲ ਅਸਟੇਟ ਅਸੋਸੀਏਸ਼ਨ ਦੇ ਸ਼ੁੱਕਰਵਾਰ ਨੂੰ ਜਾਰੀ ਨਵੇਂ ਅੰਕੜਿਆਂ ਅਨੁਸਾਰ, ਮਾਰਚ ਮਹੀਨੇ ਕੈਨੇਡਾ ਵਿਚ ਘਰ ਦੀ ਔਸਤ ਕੀਮਤ 686,371 ਡਾਲਰ ਦਰਜ ਕੀਤੀ ਗਈ। ਫ਼ਰਵਰੀ ਵਿਚ ਔਸਤ ਕੀਮਤ 662,437 ਡਾਲਰ ਸੀ ਅਤੇ ਜਨਵਰੀ ਵਿਚ ਇਹ 612,204 ਡਾਲਰ ਸੀ। 2022 ਦੇ ਫ਼ੌਲ ਤੋਂ ਬਾਅਦ, ਅਜਿਹਾ ਪਹਿਲੀ ਵਾਰ ਹੈ ਜਦੋਂ ਕੈਨੇਡਾ ਵਿਚ ਘਰਾਂ ਦੀਆਂ ਔਸਤ ਕੀਮਤਾਂ ਵਿਚ ਲਗਾਤਾਰ ਦੂਜੇ ਮਹੀਨੇ ਵਾਧਾ ਦਰਜ ਕੀਤਾ ਗਿਆ ਹੈ, ਉਹ ਵੀ ਉਦੋਂ ਜਦ ਬੈਂਕ ਔਫ਼ ਕੈਨੇਡਾ ਵੱਲੋਂ ਵਿਆਜ ਦਰਾਂ ਦੇ ਵਾਧੇ ਦਾ ਸਿਲਸਿਲਾ ਜਾਰੀ ਸੀ।
ਕੈਨੇਡਾ ਵਿਚ ਘਰਾਂ ਦੀ ਵਿਕਰੀ ਅਤੇ ਕੀਮਤਾਂ, ਸਾਲ 2022 ਦੇ ਮੁਕਾਬਲੇ ਅਜੇ ਵੀ ਕਾਫ਼ੀ ਹੇਠਲੇ ਪੱਧਰ ‘ਤੇ ਹਨ, ਪਰ ਕੈਨੇਡੀਅਨ ਹਾਊਸਿੰਗ ਮਾਰਕੀਟ ਦੇ ਮੁੜ ਉੱਪਰ ਨੂੰ ਜਾਣ ਦੇ ਸੰਕੇਤ ਮਿਲ ਰਹੇ ਹਨ। ਫ਼ਰਵਰੀ ਦੀ ਤੁਲਨਾ ਵਿਚ ਮਾਰਚ ਮਹੀਨੇ ਘਰਾਂ ਦੀਆਂ ਕੀਮਤਾਂ ਅਤੇ ਵਿਕਰੀ ਦੋਵਾਂ ਵਿਚ ਹਲਕਾ ਵਾਧਾ ਦਰਜ ਕੀਤਾ ਗਿਆ ਹੈ। ਭਾਵੇਂ ਮਹੀਨਾਵਾਰ ਅਧਾਰ ‘ਤੇ ਔਸਤ ਕੀਮਤ ਵਿਚ ਵਾਧਾ ਹੋਇਆ ਹੈ, ਪਰ ਮਾਰਚ 2022 ਦੀ ਤੁਲਨਾ ਵਿਚ ਕੀਮਤਾਂ ਅਜੇ ਵੀ 13.7 ਫ਼ੀਸਦੀ ਘੱਟ ਹਨ।
ਕੈਨੇਡਾ ਵਿਚ ਜ਼ਿਆਦਾਤਰ ਵਾਧਾ ਮੁਲਕ ਦੀਆਂ ਦੋ ਸਭ ਤੋਂ ਮਹਿੰਗਾਈਆਂ ਹਾਊਸਿੰਗ ਮਾਰਕੀਟਸ, ਟੋਰੌਂਟੋ ਅਤੇ ਵੈਨਕੂਵਰ ਵਿਚ ਹੋਇਆ। ਅਸੋਸੀਏਸ਼ਨ ਦਾ ਕਹਿਣਾ ਹੈ, ਜੇ ਜੀਟੀਏ ਅਤੇ ਗ੍ਰੇਟਰ ਵੈਨਕੂਵਰ ਨੂੰ ਮਨਫ਼ੀ ਕਰ ਦਈਏ ਤਾਂ ਔਸਤ ਕੀਮਤ 136,000 ਡਾਲਰ ਹੇਠਾਂ ਆ ਜਾਵੇਗੀ। ਟੋਰੌਂਟੋ ਦੇ ਰੀਅਲਟਰ ਜੌਨ ਪੈਨਕਿਵ ਦਾ ਕਹਿਣਾ ਹੈ ਕਿ ਬੈਂਕ ਔਫ਼ ਕੈਨੇਡਾ ਵੱਲੋਂ ਵਿਆਜ ਦਰਾਂ ਵਿਚ ਵਾਧੇ ‘ਤੇ ਰੋਕ ਲਾਉਣ ਕਰਕੇ, ਖ਼ਰੀਦਦਾਰਾਂ ਨੂੰ ਹੌਂਸਲਾ ਹੋਇਆ ਹੈ ਕਿ ਮੌਰਗੇਜ ਦਰਾਂ ਹੋਰ ਉੱਪਰ ਨਹੀਂ ਜਾਣਗੀਆਂ, ਇਸ ਕਰਕੇ ਘਰਾਂ ਦੀ ਮੰਗ ਦੁਬਾਰਾ ਤੇਜ਼ ਹੋਈ ਹੈ। ਪਰ ਵਿਕਰੀ ਲਈ ਘਰਾਂ ਦੀ ਉਪਲਬਧਤਾ ਅਜੇ ਵੀ ਘੱਟ ਹੈ।