ਕੈਨੇਡਾ ਭਰ ਤੋਂ 124,000 ਫ਼ੈਡਰਲ ਪਬਲਿਕ ਸਰਵੈਂਟਸ ਦੀ ਨੁਮਾਇੰਦਗੀ ਕਰਦੀ ਯੂਨੀਅਨ ਦਾ ਕਹਿਣਾ ਹੈ ਕਿ ਤਨਖ਼ਾਹ ਵਾਧਾ ਉਨ੍ਹਾਂ ਦੀ ਮੰਗ ਸੂਚੀ ਵਿਚ ਸਭ ਤੋਂ ਉੱਪਰ ਹੈ, ਪਰ ਹੜਤਾਲ ਦੀ ਤਆਿਰੀ ਕਰ ਚੁੱਕੀ ਯੂਨੀਅਨ ਦੀ ਕੈਨੇਡਾ ਸਰਕਾਰ ਨਾਲ ਗੱਲਬਾਤ ਦੌਰਾਨ, ਮੁਲਾਜ਼ਮਾਂ ਦੇ ਘਰੋਂ ਕੰਮ ਕਰਨ ਸਕਣ ਵਰਗੇ ਮੁੱਦੇ ਵੀ ਵਿਚਾਰੇ ਜਾਣਗੇ। ਪ੍ਰਭਾਵਿਤ ਟ੍ਰੈਜ਼ਰੀ ਬੋਰਡ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ, ਪਬਲਿਕ ਸਰਵਿਸ ਅਲਾਇੰਸ ਔਫ਼ ਕੈਨੇਡਾ (PSAC) ਜੂਨ 2021 ਤੋਂ ਫ਼ੈਡਰਲ ਸਰਕਾਰ ਨਾਲ ਸਮਝੌਤੇ ‘ਤੇ ਗੱਲਬਾਤ ਕਰ ਰਹੀ ਹੈ।
ਇਹ ਗੱਲਬਾਤ ਮਈ 2022 ਵਿਚ ਅਸਫਲ ਰਹੀ ਅਤੇ ਯੂਨੀਅਨ ਅਨੁਸਾਰ, ਚੀਜ਼ਾਂ ਨੂੰ ਮੁੜ ਲੀਹ ‘ਤੇ ਲਿਆਉਣ ਲਈ ਲੇਬਰ ਬੋਰਡ ਨੇ ਗ਼ੈਰ-ਬੰਧਨਬੱਧ (non-binding) ਸਿਫ਼ਾਰਸ਼ਾਂ ਕੀਤੀਆਂ ਸਨ।ਇਸ ਤੋਂ ਬਾਅਦ ਇਸ ਮਹੀਨੇ ਦੇ ਸ਼ੁਰੂ ਵਿਚ ਯੂਨੀਅਨ ਅਤੇ ਸਰਕਾਰ ਦਰਮਿਆਨ ਦੁਬਾਰਾ ਗੱਲਬਾਤ ਸ਼ੁਰੂ ਹੋਈ। PSAC ਦੇ ਨੈਸ਼ਨਲ ਪ੍ਰੈਜ਼ੀਡੈਂਟ, ਕ੍ਰਿਸ ਐਇਲਵਰਡ ਨੇ ਕਿਹਾ ਕਿ ਮਹਿੰਗਾਈ ਦੇ ਇਸ ਦੌਰ ਵਿਚ ਵੇਜ ਵਾਧਾ ਉਨ੍ਹਾਂ ਦੀਆਂ ਮੁੱਖ ਮੰਗਾਂ ਵਿਚੋੋਂ ਇੱਕ ਹੋਵੇਗਾ।
ਯੂਨੀਅਨ ਵੱਲੋਂ ਜਨਤਕ ਕੀਤਾ ਗਏ ਪਿਛਲੇ ਪ੍ਰਸਤਾਵ ਵਿਚ 2021, 2022 ਅਤੇ 2023 ਲਈ 4.5 ਫ਼ੀਸਦੀ ਵੇਜ ਵਾਧੇ ਦਾ ਸੁਝਾਅ ਸੀ, ਜਦਕਿ ਟ੍ਰੈਜ਼ਰੀ ਬੋਰਡ ਨੇ ਚਾਰ ਸਾਲਾਂ ਦੌਰਾਨ 2.06 ਫ਼ੀਸਦੀ ਵੇਜ ਵਾਧੇ ਦੀ ਪੇਸ਼ਕਸ਼ ਕੀਤੀ ਸੀ। ਅਚੇਤ ਪੱਖਪਾਤ, ਵਿਭਿੰਨਤਾ ਅਤੇ ਸ਼ਮੂਲੀਅਤ ਵਰਗੇ ਮੁੱਦਿਆਂ ‘ਤੇ ਲਾਜ਼ਮੀ ਟ੍ਰੇਨਿੰਗ ਦਿੱਤੇ ਜਾਣ ਨੂੰ ਯੂਨੀਅਨ ਪਿਛਲੇ ਪ੍ਰਸਤਾਵਾਂ ਵਿਚ ਮੁੱਖ ਤਰਜੀਹਾਂ ਵਿਚੋਂ ਇੱਕ ਦਰਜ ਕਰ ਚੁੱਕੀ ਹੈ।