ਬਰੈਂਪਟਨ:(ਡਾ ਬਲਜਿੰਦਰ ਸਿੰਘ ਸੇਖੋਂ)-ਤਰਕਸ਼ੀਲ ਸੋਸਾਇਟੀ ਕਨੇਡਾ ਵਲੋਂ ਸ਼ਹੀਦ ਭਗਤ ਸਿੰਘ ਅਤੇ ਸ਼ਰੋਮਣੀ ਨਾਟਕਕਾਰ ਭਾਅ ਗੁਰਸ਼ਰਨ ਸਿੰਘ ਦੀ ਯਾਦ ਨੂੰ ਸਮਰਪਿਤ ਪ੍ਰੋਗਰਾਮ ਕਨੇਡਾ ਭਰ ਦੇ ਵੱਡੇ ਸ਼ਹਿਰਾਂ ਵਿੱਚ ਕਰਵਾਏ ਜਾ ਰਹੇ ਹਨ। ਪਹਿਲਾ ਪ੍ਰੋਗਰਾਮ 30 ਅਪਰੈਲ ਨੂੰ ਬਰੈਂਪਟਨ ਦੇ ਪੀਅਰਸਨ ਥੀਏਟਰ ਜੋ 150 ਸੈਂਟਰਲ ਪਾਰਕ ਡਰਾਇਵ ਤੇ ਸਥਿਤ ਹੈ, ਵਿੱਚ ਦੁਪਿਹਰ 12:30 ਵੋਂ 4 ਵਜੇ ਤੱਕ ਕੀਤਾ ਜਾਣਾ ਹੈ, ਜਿਸ ਵਿੱਚ ਸੁਰਿੰਦਰ ਸ਼ਰਮਾਂ ਦੀ ਮੁਲਾਂ ਪੁਰ ਟੀਮ ਵਲੋਂ ‘ਦੁੱਲਾ ਕਿਤੇ ਨਹੀਂ ਗਿਆ’ ਨਾਟਕ ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਵਿੱਚ ਗੀਤ ਸੰਗੀਤ, ਕੋਰੀਓਗਰਾਫ਼ੀ ਅਤੇ ਅਜੋਕੇ ਸਮਾਜਿਕ, ਆਰਥਿਕ ਮਸਲਿਆਂ ਨੂੰ ਸੰਬੋਧਿਤ ਲੈਕਚਰ ਹੋਣਗੇ।
ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਅਜਿਹੇ ਸਮਾਜ ਦੀ ਸਿਰਜਣਾ ਲਈ ਕੁਰਬਾਨੀਆਂ ਕੀਤੀਆਂ ਜਿਸ ਵਿੱਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਹੋ ਜਾਵੇ, ਪਰ ਇਹ ਸੁਪਨਾ ਅਜੇ ਤੱਕ ਸਾਕਾਰ ਨਹੀਂ ਹੋਇਆ। ਉਸ ਦੀ ਸੋਚ ਨੂੰ ਸਮਰਪਿਤ ਲੋਕ ਅੱਜ ਵੀ ਇਸ ਤਰ੍ਹਾਂ ਦਾ ਸਮਾਜ ਉਸਾਰਨ ਲਈ ਜਦੋ ਜਹਿਦ ਕਰ ਰਹੇ ਹਨ। ਇਹ ਪ੍ਰੋਗਰਾਮ ਇਸ ਸੋਚ ਨੂੰ ਅਗੇ ਲਿਜਾਣ ਲਈ ਇੱਕ ਕਦਮ ਹੈ।
ਮੁੱਲਾਂ ਪੁਰ ਟੀਮ ਦੇ ਸੁਰਿੰਦਰ ਸ਼ਰਮਾ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀ, ਉਹ ਕਈ ਸ਼ਾਨਦਾਰ ਨਾਟਕ ਬਰੈਂਪਟਨ ਵਿੱਚ ਪਹਿਲਾਂ ਵੀ ਖੇਡ ਚੁੱਕੇ ਹਨ, ਜਿਨ੍ਹਾਂ ਦੌਰਾਨ ਦਰਸ਼ਕਾਂ ਤੋਂ ਉੱਨ੍ਹਾਂ ਬੜੀ ਵਾਹ ਵਾਹ ਖੱਟੀ ਹੈ। ਦੁੱਲਾ ਕਿਤੇ ਨਹੀਂ ਗਿਆ ਨਾਟਕ ਦੀ ਵੀ ਉਨ੍ਹਾਂ ਦੀ ਟੀਮ ਵਲੋਂ ਬੜੀ ਮਿਹਨਤ ਨਾਲ ਤਿਆਰੀ ਕੀਤੀ ਜਾ ਰਹੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਨਾਟਕ ਹੋਰ ਵੀ ਗ੍ਹੁੜੀਆਂ ਪੈੜਾਂ ਛੱਡ ਕੇ ਜਾਵੇਗਾ। ਪ੍ਰੋਗਰਾਮ ਜਾਂ ਸੁਸਾਇਟੀ ਬਾਰੇ ਹੋਰ ਜਾਣਕਾਰੀ ਲਈ ਬਲਰਾਜ ਸ਼ੌਕਰ (647 679 4398), ਬਲਦੇਵ ਰਹਿਪਾ (416 881 7202) ਜਾਂ ਅਮਨਦੀਪ ਮੰਡੇਰ (647 782 8334) ਨਾਲ ਸੰਪਰਕ ਕੀਤਾ ਜਾ ਸਕਦਾ ਹੈ।