ਦੁਬਈ ਦੀ ਇੱਕ ਰਿਹਾਇਸ਼ੀ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਕਾਰਨ 4 ਭਾਰਤੀਆਂ ਸਣੇ 16 ਲੋਕਾਂ ਦੀ ਮੌਤ ਹੋ ਗਈ, ਜਦਕਿ ਦਰਜਨ ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਹਾਦਸੇ ਵਿਚ ਨੌਂ ਹੋਰ ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਹਾਦਸੇ ਵਿੱਚ ਮਾਰੇ ਗਏ 4 ਭਾਰਤੀਆਂ ਦੀ ਪਛਾਣ ਹੋ ਗਈ, ਜਿਨ੍ਹਾਂ ਵਿੱਚ ਕੇਰਲ ਦਾ ਇੱਕ ਜੋੜਾ ਅਤੇ ਤਾਮਿਲਨਾਡੂ ਦੇ ਦੋ ਪੁਰਸ਼ ਸ਼ਾਮਲ ਹਨ। ਇਹ ਸਭ ਲੋਕ ਇਮਾਰਤ ਵਿੱਚ ਕੰਮ ਕਰਦੇ ਸੀ। ਇਨ੍ਹਾਂ ਤੋਂ ਇਲਾਵਾ ਮ੍ਰਿਤਕਾਂ ਵਿੱਚ 3 ਪਾਕਿਸਤਾਨੀ ਚਚੇਰੇ ਭਰਾ ਅਤੇ ਇੱਕ ਨਾਈਜੀਰੀਅਨ ਔਰਤ ਸ਼ਾਮਲ ਹੈ।
ਅੱਗ ਦੀ ਸੂਚਨਾ ਮਿਲਦੇ ਹੀ ਦੁਬਈ ਸਿਵਲ ਡਿਫੈਂਸ ਦੇ ਕਰਮਚਾਰੀ ਮੌਕੇ ‘ਤੇ ਪਹੁੰਚੇ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਨਾਲ ਹੀ ਆਸਪਾਸ ਦੀਆਂ ਇਮਾਰਤਾਂ ਤੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ। ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਪੋਰਟ ਸੈਦ ਫਾਇਰ ਸਟੇਸ਼ਨ ਅਤੇ ਹਮਾਰੀਆ ਫਾਇਰ ਸਟੇਸ਼ਨ ਦੇ ਕਰਮਚਾਰੀ ਵੀ ਮੌਕੇ ‘ਤੇ ਪਹੁੰਚ ਗਏ। ਕਰੀਬ 2.30 ਵਜੇ ਅੱਗ ‘ਤੇ ਕਾਬੂ ਪਾਇਆ ਗਿਆ। ਮੌਕੇ ’ਤੇ ਮੌਜੂਦ ਲੋਕਾਂ ਮੁਤਾਬਕ ਇਮਾਰਤ ਵਿਚੋਂ ਕਾਲਾ ਧੂੰਆਂ ਨਿਕਲਦਾ ਦੇਖਿਆ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।