ਸਰਬੀਆ ਦੇ ਇਕ ਸਕੂਲ ਵਿਚ ਅੱਜ ਸਵੇਰੇ 14 ਸਾਲਾ ਲੜਕੇ ਵੱਲੋਂ ਗੋਲੀਬਾਰੀ ਕਰਨ ਕਾਰਨ ਅੱਠ ਵਿਦਿਆਰਥੀਆਂ ਅਤੇ ਇੱਕ ਸੁਰੱਖਿਆ ਗਾਰਡ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੂੰ ਸਵੇਰੇ 8:40 ਵਜੇ ਦੇ ਕਰੀਬ ਵਲਾਦਿਸਲਾਵ ਰਿਬਨੀਕਰ ਪ੍ਰਾਇਮਰੀ ਸਕੂਲ ਵਿੱਚ ਗੋਲੀਬਾਰੀ ਦੀ ਸੂਚਨਾਂ ਮਿਲੀ। ਜਾਣਕਾਰੀ ਅਨੁਸਾਰ, ਨਾਬਾਲਗ ਸ਼ੱਕੀ 7ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲਿਸ ਅਤੇ ਗਵਾਹਾਂ ਨੇ ਕਿਹਾ ਕਿ ਲੜਕੇ ਨੇ ਵਿਦਿਆਰਥੀਆਂ ਅਤੇ ਸੁਰੱਖਿਆ ਗਾਰਡਾਂ ‘ਤੇ ਗੋਲੀ ਚਲਾਉਣ ਤੋਂ ਪਹਿਲਾਂ ਕਲਾਸਰੂਮ ਵਿੱਚ ਆਪਣੇ ਅਧਿਆਪਕ ਨੂੰ ਗੋਲੀ ਮਾਰ ਦਿੱਤੀ।
ਬਿਆਨ ਵਿਚ ਕਿਹਾ ਗਿਆ ਹੈ ਕਿ ਸ਼ੱਕੀ ਨੇ ਆਪਣੇ ਪਿਤਾ ਦੀ ਬੰਦੂਕ ਤੋਂ ਹੋਰ ਵਿਦਿਆਰਥੀਆਂ ਅਤੇ ਸਕੂਲ ਦੇ ਗਾਰਡ ‘ਤੇ ਕਈ ਗੋਲੀਆਂ ਚਲਾਈਆਂ। ਸਰਬੀਆ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਗੋਲੀਬਾਰੀ ਵਿੱਚ ਅੱਠ ਸਕੂਲੀ ਬੱਚੇ ਅਤੇ ਇੱਕ ਗਾਰਡ ਮਾਰੇ ਗਏ।ਇੱਕ ਅਧਿਆਪਕ ਅਤੇ ਤਿੰਨ ਬੱਚੇ ਬੇਲਗ੍ਰੇਡ ਦੇ ਐਮਰਜੈਂਸੀ ਮੈਡੀਕਲ ਸੈਂਟਰ ਵਿੱਚ ਹਨ, ਜਦੋਂ ਕਿ ਤਿੰਨ ਹੋਰ ਬੱਚੇ ਬੱਚਿਆਂ ਦੇ ਹਸਪਤਾਲ ਵਿੱਚ ਹਨ। ਵਲਾਦਿਸਲਾਵ ਰਿਬਨੀਕਰ ਪ੍ਰਾਇਮਰੀ ਸਕੂਲ ਕੇਂਦਰੀ ਬੇਲਗ੍ਰੇਡ ਵਿੱਚ ਇੱਕ ਮਸ਼ਹੂਰ ਸਕੂਲ ਹੈ। ਸਰਬੀਆ ਵਿੱਚ ਬੱਚੇ ਅੱਠਵੀਂ ਜਮਾਤ ਤੱਕ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਹਨ।