ਸਟੈਟਿਸਟਿਕਸ ਕੈਨੇਡਾ ਦੇ ਸ਼ੁੱਕਰਵਾਰ ਨੂੰ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਅਪ੍ਰੈਲ ਮਹੀਨੇ ਦੌਰਾਨ ਕੈਨੇਡੀਅਨ ਅਰਥਚਾਰੇ ‘ਚ 41,000 ਨਵੀਆਂ ਨੌਕਰੀਆਂ ਪੈਦਾ ਹੋਈਆਂ, ਜਿਨ੍ਹਾਂ ਵਿਚੋਂ ਜ਼ਿਆਦਾਤਰ ਨੌਕਰੀਆਂ ਪਾਰਟ-ਟਾਈਮ ਸਨ। ਬੇਰੁਜ਼ਗਾਰੀ ਦਰ 5% ‘ਤੇ ਬਰਕਰਾਰ ਰਹੀ। ਓਨਟੇਰਿਓ ਵਿਚ 33,000 ਨਵੀਆਂ ਨੌਕਰੀਆਂ ਅਤੇ ਪ੍ਰਿੰਸ ਐਡਵਰਡ ਆਈਲੈਂਡ ਵਿਚ 2,200 ਨੌਕਰੀਆਂ ਪੈਦਾ ਹੋਈਆਂ। ਮੈਨੀਟੋਬਾ ਨੇ 4,000 ਨੌਕਰੀਆਂ ਗੁਆਈਆਂ ਅਤੇ ਮੁਲਕ ਦੇ ਬਾਕੀ ਹਿੱਸਿਆਂ ਵਿਚ ਜੌਬ ਮਾਰਕੀਟ ਵਿਚ ਬਹੁਤੀ ਤਬਦੀਲੀ ਨਹੀਂ ਆਈ।
ਨਵੀਆਂ ਨੌਕਰੀਆਂ ਵਿਚੋਂ ਤਕਰੀਬਨ ਸਾਰੀਆਂ ਹੀ ਨੌਕਰੀਆਂ ਪਾਰਟ-ਟਾਈਮ ਸਨ, ਜਦਕਿ ਫ਼ੁਲ-ਟਾਈਮ ਨੌਕਰੀਆਂ ਅਤੇ ਸਵੈ-ਰੁਜ਼ਗਾਰ ਵਿਚ ਤਕਰੀਬਨ ਕੋਈ ਵਾਧਾ ਨਹੀਂ ਹੋਇਆ। ਅਪ੍ਰੈਲ ਦੌਰਾਨ ਔਸਤ ਵੇਜ ਰੇਟ ਵਿਚ ਵੀ ਵਾਧਾ ਦਰਜ ਹੋਇਆ। ਇਸ ਮਹੀਨੇ ਔਸਤ ਪ੍ਰਤੀ ਘੰਟਾ ਆਮਦਨ 33.38 ਡਾਲਰ ਦਰਜ ਕੀਤੀ ਗਈ ਜੋਕਿ ਪਿਛਲੇ ਸਾਲ ਦੇ ਮੁਕਾਬਲੇ 1.66 ਡਾਲਰ ਜਾਂ 5.2 % ਵੱਧ ਹੈ। ਇਹ ਲਗਾਤਾਰ ਤੀਸਰਾ ਮਹੀਨਾ ਹੈ ਜਦੋਂ ਵੇਜ ਵਾਧਾ ਉਸੇ ਸਮੇਂ ਵਿਚ ਮਹਿੰਗਾਈ ਦਰ ਨਾਲੋਂ ਵਧੇਰੇ ਹੈ।