ਬ੍ਰਿਟੇਨ : ਵੈਸਟਮਿੰਸਟਰ ਐਬੇ ਚਰਚ ਵਿੱਚ ਬ੍ਰਿਟੇਨ ਦੇ ਰਾਜਾ ਚਾਰਲਸ III ਅਤੇ ਮਹਾਰਾਣੀ ਕੈਮਿਲਾ ਦਾ ਤਾਜਪੋਸ਼ੀ ਸਮਾਰੋਹ ਹੋਇਆ। ਇਸ ਦੌਰਾਨ ਆਰਚਬਿਸ਼ਪ ਨੇ ਸਾਰੀਆਂ ਰਸਮਾਂ ਤੋਂ ਬਾਅਦ ਕਿੰਗ ਚਾਰਲਸ ਨੂੰ ਸੇਂਟ ਐਡਵਰਡ ਦਾ ਤਾਜ ਪਹਿਨਾਇਆ ਗਿਆ। ਜ਼ਿਕਰਯੋਗ ਹੈ ਕਿ ਬ੍ਰਿਿਟਸ਼ ਸ਼ਾਹੀ ਪਰਿਵਾਰ ਦੀ 70 ਸਾਲ ਬਾਅਦ ਤਾਜਪੋਸ਼ੀ ਹੋਈ ਹੈ। ਇਸ ਤੋਂ ਪਹਿਲਾਂ 1953 ਵਿੱਚ ਮਹਾਰਾਣੀ ਐਲਿਜ਼ਾਬੈਥ ਦੀ ਤਾਜਪੋਸ਼ੀ ਹੋਈ ਸੀ। ਉਸ ਸਮੇਂ ਚਾਰਲਸ ਦੀ ਉਮਰ 4 ਸਾਲ ਸੀ ਜਦਕਿ ਹੁਣ ਕਿੰਗ ਚਾਰਲਸ 74 ਸਾਲ ਦੇ ਹੋ ਗਏ ਹਨ।
ਸਭ ਤੋਂ ਪਹਿਲਾਂ ਚਾਰਲਸ ਨੂੰ ਰਾਜੇ ਵਜੋਂ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਸਿੰਘਾਸਨ ਦੇ ਸਾਹਮਣੇ ਐਬੇ ਵੱਲ ਮੂੰਹ ਕਰਕੇ ਖੜ੍ਹਾ ਕੀਤਾ ਗਿਆ। ਆਰਚਬਿਸ਼ਪ ਵੱਲੋਂ ਆਪਣੀ ਤਾਜਪੋਸ਼ੀ ਦਾ ਐਲਾਨ ਕਰਨ ਤੋਂ ਬਾਅਦ ਚਾਰਲਸ ਨੇ ਈਸਾਈਆਂ ਦੀ ਪਵਿੱਤਰ ਕਿਤਾਬ ਉਪਰ ਹੱਥ ਰੱਖ ਕੇ ਸਹੁੰ ਚੁੱਕੀ। ਸਹੁੰ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਰਾਜ ਕਰਨ ਨਹੀਂ, ਸੇਵਾ ਕਰਨ ਆਇਆ ਹਾਂ। ਤਾਜਪੋਸ਼ੀ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੇ ‘God Save the King’ ਗਾਇਆ।
ਆਰਚਬਿਸ਼ਪ ਨੇ ਇਸ ਸਮਾਰੋਹ ਵਿੱਚ ਮੌਜੂਦ ਸਾਰੇ ਧਰਮਾਂ ਦੇ ਲੋਕਾਂ ਨੂੰ ਸੰਬੋਧਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਚਰਚ ਆਫ਼ ਇੰਗਲੈਂਡ ਅਜਿਹੇ ਮਾਹੌਲ ਨੂੰ ਉਤਸ਼ਾਹਿਤ ਕਰਦਾ ਹੈ ਜਿਸ ਵਿੱਚ ਸਾਰੇ ਧਰਮਾਂ ਦੇ ਲੋਕਾਂ ਦਾ ਬਰਾਬਰ ਸਤਿਕਾਰ ਕੀਤਾ ਜਾਂਦਾ ਹੈ। ਚਾਰਲਸ ਨੇ ਫਿਰ ਹਮੇਸ਼ਾ ਕਾਨੂੰਨ ਦੀ ਪਾਲਣਾ ਕਰਨ ਅਤੇ ਇੱਕ ਵਫ਼ਾਦਾਰ ਪ੍ਰੋਟੈਸਟੈਂਟ ਰਹਿਣ ਦੀ ਸਹੁੰ ਚੁੱਕੀ।