ਕੈਨੇਡਾ ਦੇ ਖੇਤੀ ਸੈਕਟਰ ਵਿੱਚ ਕਾਮਿਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਅਤੇ ਹੁਨਰਮੰਦ ਕਾਮਿਆਂ ਨੂੰ ਕੈਨੇਡਾ ਵਿੱਚ PR ਦੇਣ ਦੇ ਇਰਾਦੇ ਨਾਲ ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਐਗਰੀ- ਫ਼ੂਡ ਪਾਇਲਟ ਪ੍ਰੋਜੈਕਟ ਵਿੱਚ 2 ਸਾਲ ਦਾ ਵਾਧਾ ਕੀਤਾ ਗਿਆ ਹੈ। ਹੁਣ ਇਹ ਪ੍ਰੋਜੈਕਟ 14 ਮਈ 2025 ਤੱਕ ਚੱਲੇਗਾ। ਇਸਦਾ ਐਲਾਨ ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫ਼੍ਰੇਜ਼ਰ ਵੱਲੋਂ ਕੀਤਾ ਗਿਆ।
ਐਗਰੀ ਪਾਇਲਟ ਪ੍ਰੋਜੈਕਟ ਅਧੀਨ ਖੇਤੀ ਸੈਕਟਰ ਵਿੱਚ ਕੰਮ ਕਰਦੇ ਕਾਮੇ ਕੈਨੇਡਾ ਦੀ PR ਦੀ ਅਰਜ਼ੀ ਦੇ ਸਕਦੇ ਹਨ। PR ਦੀ ਅਰਜ਼ੀ ਦੇਣ ਲਈ ਬਿਨੈਕਾਰ ਕੋਲ ਕੈਨੇਡਾ ਵਿੱਚ ਇਕ ਸਾਲ ਕੰਮ ਕਰਨ ਦਾ ਤਜਰਬਾ ਹੋਣਾ ਲਾਜ਼ਮੀ ਹੈ। ਤਜਰਬਾ LMIA ‘ਤੇ ਕੰਮ ਕਰਕੇ ਹਾਸਿਲ ਕੀਤਾ ਹੋਣਾ ਚਾਹੀਦਾ ਹੈ। ਪ੍ਰਾਪਤ ਜਾਣਕਰੀ ਅਨੁਸਾਰ ਅਰਜ਼ੀ ਦੇਣ ਲਈ ਵਿਦਿਅਕ ਯੋਗਤਾ 12 ਵੀਂ ਹੈ ਅਤੇ ਆਇਲਟਸ ਵਿੱਚੋਂ CLB ਲੈਵਲ 4 ਲੋੜੀਂਦੀ ਹੈ।
ਇਕ ਰਿਪੋਰਟ ਮੁਤਾਬਿਕ ਅਗਲੇ 10 ਸਾਲਾਂ ਵਿਚ ਤਕਰੀਬਨ 40 ਫ਼ੀਸਦੀ ਕੈਨੇਡੀਅਨ ਕਿਸਾਨ ਆਪਣੇ ਕਿੱਤੇ ਤੋਂ ਰਿਟਾਇਰ ਹੋ ਸਕਦੇ ਹਨ । ਇਸੇ ਸਮੇਂ ਦੌਰਾਨ ਖੇਤੀਬਾੜੀ ਉਦਯੋਗ ਵਿਚ 24,000 ਫ਼ਾਰਮ, ਨਰਸਰੀ ਅਤੇ ਗ੍ਰੀਨਹਾਊਣ ਵਰਕਰਾਂ ਦੀ ਵੀ ਘਾਟ ਹੋਵੇਗੀ। ਰਿਪੋਰਟ ਵਿੱਚ ਇਸ ਪਾੜੇ ਨੂੰ ਭਰਨ ਲਈ ਕੈਨੇਡਾ ਖ਼ਾਸ ਤੌਰ ‘ਤੇ 30,000 ਖੇਤੀ-ਕੇਂਦਰਿਤ ਨਵੇਂ ਪਰਵਾਸੀਆਂ ਨੂੰ ਕੈਨੇਡਾ ਲਿਆਉਣ ਲਈ ਆਪਣੇ ਇਮੀਗ੍ਰੇਸ਼ਨ ਪ੍ਰੋਗਰਾਮਾਂ ਨੂੰ ਅਪਡੇਟ ਕਰਨ ਦੇ ਸੁਝਾਅ ਦਿੱਤੇ ਗਏ ਸਨ।