ਮਿਸਿਸਾਗਾ ਦੇ ਪੀਲ ਰੀਜਨ ਤੋਂ ਅਲੱਗ ਹੋਣ ਦਾ ਮੁੱਦਾ ਫਿਰ ਤੋਂ ਚਰਚਾ ਵਿੱਚ ਅਇਆ ਹੈ। ਬ੍ਰੈਂਪਟਨ ਨੂੰ ਆਪਣਾ ਹਿੱਸਾ ਨਾ ਮਿਲਣ ਦੀ ਸੂਰਤ ਵਿੱਚ ਮੇਅਰ ਪੈਟਰਿਕ ਬ੍ਰਾਊਨ ਨੇ ਅਦਾਲਤੀ ਕਾਰਵਾਈ ਕਰਨ ਦੀ ਗੱਲ ਆਖੀ ਹੈ। ਦੱਸਣਯੋਗ ਹੈ ਕਿ ਪੀਲ ਰੀਜਨ ਵਿਚ ਮਿਸਿਸਾਗਾ, ਬ੍ਰੈਂਪਟਨ ਅਤੇ ਕੈਲਡਨ ਸ਼ਹਿਰ ਆਉਂਦੇ ਹਨ ਅਤੇ ਰੀਜਨ ਪੈਰਾਮੈਡਿਕਸ, ਹੈਲਥ ਪ੍ਰੋਗਰਾਮਾਂ ਅਤੇ ਰੀਸਾਈਕਲਿੰਗ ਵਰਗੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹੈ। ਮਿਸਿਸਾਗਾ ਦੀ ਮੇਅਰ ਲੰਬੇ ਸਮੇਂ ਤੋਂ ਮਿਸਿਸਾਗਾ ਨੂੰ ਪੀਲ ਤੋਂ ਵੱਖ ਕਰਨ ਦੀ ਮੰਗ ਕਰ ਰਹੇ ਹਨ ।
ਪ੍ਰੀਮੀਅਰ ਡਗ ਫ਼ੋਰਡ ਨੇ ਸੋਮਵਾਰ ਨੂੰ ਇਸ ਮੰਗ ਬਾਰੇ ਬੋਲਦਿਆਂ ਕਿਹਾ ਕਿ 8 ਲੱਖ ਲੋਕਾਂ ਦੀ ਆਬਾਦੀ ਵਾਲੇ ਸ਼ਹਿਰ ਇਸ ਤਰ੍ਹਾਂ ਆਪਣਾ ਕੰਮ ਕਰਨਾ ਮੁਸ਼ਕਿਲ ਹੈ। ਮਿਸਿਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਵੱਲੋਂ ਇਸ ਬਿਆਨ ਦਾ ਸਵਾਗਤ ਕੀਤਾ ਗਿਆ ਹੈ । ਬੌਨੀ ਕ੍ਰੌਂਬੀ ਦਾ ਕਹਿਣਾ ਹੈ ਕਿ ਇਸ ਨਾਲ ਮਿਸਿਸਾਗਾ ਨੂੰ ਅਗਲੇ 10 ਸਾਲਾਂ ਵਿਚ 1 ਬਿਲੀਅਨ ਡਾਲਰ ਦੀ ਬੱਚਤ ਹੋਵੇਗੀ ਅਤੇ ਕੰਮਕਾਜ ਵਿਚ ਵੀ ਸੁਧਾਰ ਹੋਵੇਗਾ।
ਓਨਟੇਰੀਓ ਸਰਕਾਰ ਵੱਲੋਂ ਅਜੇ ਇਸ ਬਾਰੇ ਕੋਈ ਅਧਿਕਾਰਿਤ ਫ਼ੈਸਲਾ ਨਹੀਂ ਲਿਆ ਗਿਆ ਹੈ ਪਰ ਪ੍ਰੀਮੀਅਰ ਡਗ ਫ਼ੋਰਡ ਕਹਿ ਚੁੱਕੇ ਹਨ ਕਿ ਪੀਲ ਰੀਜਨ ਦੇ ਸ਼ਹਿਰਾਂ ਨੂੰ ਭਵਿੱਖ ਵਿਚ ਸੁਤੰਤਰ ਸ਼ਹਿਰਾਂ ਦਾ ਦਰਜਾ ਦੇਣ ਦਾ ਫ਼ੈਸਲਾ ਬਹੁਤ ਜਲਦੀ ਆ ਸਕਦਾ ਹੈ।