ਫ਼ਰਜ਼ੀ ਦਾਖ਼ਲਾ ਪੱਤਰ ਮਾਮਲੇ ਵਿਚ ਡਿਪੋਰਟ ਕੀਤੇ ਜਾਣ ਦੀ ਪ੍ਰਕਿਰਿਆ ਨੂੰ ਲੈਕੇ ਸੈਂਕੜੇ ਅੰਤਰਰਾਸ਼ਟਰੀ ਵਿਦਿਆਰਥੀ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਇਹਨਾਂ ‘ਚ ਇੱਕ ਵਿਦਿਆਰਥੀ ਲਵਪ੍ਰੀਤ ਸਿੰਘ ਵੀ ਸ਼ਾਮਲ ਹੈ। ਰਿਪੋਰਟਾਂ ਮੁਤਾਬਕ ਲਵਪ੍ਰੀਤ 2017 ਵਿਚ ਲੈਂਬਟਨ ਕਾਲਜ ਦੇ ਮਿਸਿਸਾਗਾ ਕੈਂਪਸ ਵਿਚ ਦਾਖ਼ਲਾ ਲੈ ਕੇ ਕੈਨੇਡਾ ਆਇਆ ਸੀ। ਇਸ ਦੌਰਾਨ ਉਸਨੇ ਇੱਕ ਏਜੰਟ ਰਾਹੀ ਫ਼ਾਈਲ ਅਪਲਾਈ ਕੀਤੀ ਸੀ ਅਤੇ ਦਾਖ਼ਲਾ ਪੱਤਰ ਲੈਕੇ ਉਹ ਕੈਨੇਡਾ ਆ ਗਿਆ।
ਇਸ ਤੋਂ ਬਾਅਦ ਜਦੋਂ ਲਵਪ੍ਰੀਤ ਕੈਨੇਡਾ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦਾ ਨਾਮ ਕਾਲਜ ‘ਚ ਦਾਖ਼ਲਾ ਲੈ ਚੁੱਕੇ ਵਿਦਿਆਰਥੀਆਂ ਦੀ ਸੂਚੀ ‘ਚ ਸ਼ਾਮਲ ਨਹੀਂ ਸੀ। ਜਿਸ ਤੋਂ ਬਾਅਦ ਪਤਾ ਲੱਗਿਆ ਕਿ ਲਵਪ੍ਰੀਤ ਦਾ ਦਾਖਲਾ ਪੱਤਰ ਜਾਅਲੀ ਸੀ। ਇਸੇ ਕਰਕੇ ਲਵਪ੍ਰੀਤ ਦੇ ਸਿਰ ‘ਤੇ ਡਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਹੈ। ਪ੍ਰਦਰਸ਼ਨ ‘ਚ ਸ਼ਾਮਲ ਲਵਪ੍ਰੀਤ ਨੇ ਦੱਸਿਆ ਕਿ ਉਸਨੂੰ ਕੈਨੇਡਾ ਭੇਜਣ ਲਈ ਪਰਿਵਾਰ ਨੇ ਸਾਰੀ ਉਮਰ ਦੀ ਕਮਾਈ ਲਗਾ ਦਿੱਤੀ ਸੀ ਤੇ ਹੁਣ 6 ਸਾਲ ਦੇਸ਼ ‘ਚ ਰਹਿਣ ਤੋਂ ਬਾਅਦ ਡਿਪੋਰਟ ਹੋਣ ਦੀ ਖ਼ਬਰ ਨੇ ਉਸਦੇ ਸੁਪਣੇ ਤੋੜ ਦਿੱਤੇ।
ਲਵਪ੍ਰੀਤ ਨੇ ਮੌਂਟਰੀਅਲ ਵਿੱਖੇ ਇੱਕ ਨਵਾਂ ਸਟੱਡੀ ਪ੍ਰਾਪਤ ਕਰਕੇ ਕਿਸੇ ਹੋਰ ਕਾਲਜ ਵਿਚ ਦਾਖ਼ਲਾ ਵੀ ਲਿਆ ਅਤੇ ਆਪਣੀ ਪੜ੍ਹਾਈ ਵੀ ਪੂਰੀ ਕੀਤੀ। ਪਰ ਇਸਦੇ ਬਾਵਜੂਦ ਉਸਨੂੰ ਦੱਸਿਆ ਗਿਆ ਕਿ ਕੈਨੇਡਾ ਆਉਣ ਲਈ ਪਹਿਲਾਂ ਜਾਅਲੀ ਦਾਖ਼ਲਾ ਪੱਤਰ ਲਾਉਣ ਕਰਕੇ ਉਸਨੂੰ ਡਿਪੋਰਟ ਕੀਤਾ ਜਾਵੇਗਾ। ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਨੇ 25 ਸਾਲ ਦੀ ਲਵਪ੍ਰੀਤ ਨੂੰ 29 ਮਈ ਤੱਕ ਡਿਪੋਰਟ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।