24 ਸਾਲ ਦਾ ਬਲਬੀਰ ਸਿੰਘ ਉਨ੍ਹਾਂ ਕਈ ਅੰਤਰਰਾਸ਼ਟਰੀ ਵਿਦਿਆਰਥੀਆਂ ਚੋਂ ਇੱਕ ਹੈ ਜਿਨ੍ਹਾਂ ਨੂੰ ਫ਼ਰਜ਼ੀ ਦਾਖ਼ਲਾ ਪੱਤਰ ਦੇਣ ਦੇ ਮਾਮਲੇ ਵਿਚ ਕੈਨੇਡਾ ਚੋਂ ਸੰਭਾਵੀ ਤੌਰ ‘ਤੇ ਡਿਪੋਰਟ ਕੀਤਾ ਜਾ ਸਕਦਾ ਹੈ। ਬਲਬੀਰ ਸਿੰਘ ਬਤੌਰ 2017 ਵਿਚ ਪੜ੍ਹਾਈ ਲਈ ਭਾਰਤ ਤੋਂ ਕੈਨੇਡਾ ਆਇਆ ਸੀ। ਪਰ ਪੜ੍ਹਾਈ ਖ਼ਤਮ ਕਰਨ ਅਤੇ ਕੰਸਟਰਕਸ਼ਨ ਸੈਕਟਰ ਵਿਚ ਇਕ ਸਥਿਰ ਜੌਬ ਤੇ ਵਰਕ-ਪਰਮਿਟ ਲੈਣ ਦੇ ਬਾਵਜੂਦ, ਬਲਬੀਰ ਨੂੰ ਆਪਣਾ ਕੈਨੇਡਾ ਵਿਚ ਇੱਕ ਚੰਗਾ ਭਵਿੱਖ ਬਣਾਉਣ ਦਾ ਸੁਪਣਾ ਟੁੱਟਦਾ ਨਜ਼ਰ ਆ ਰਿਹਾ ਹੈ।
ਬਲਬੀਰ ਦਾ ਮਾਮਲਾ ਵੀ ਉਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਵਰਗਾ ਹੀ ਹੈ ਜਿਨ੍ਹਾਂ ਨੇ ਇਮੀਗ੍ਰੇਸ਼ਨ ਏਜੰਟ ਦੁਆਰਾ ਫ਼ਰਾਡ ਕੀਤੇ ਜਾਣ ਦੀ ਗੱਲ ਆਖੀ ਹੈ। ਬਲਬੀਰ ਸਿੰਘ ਦਾ ਕਹਿਣਾ ਹੈ ਕਿ ਉਸਦੇ ਇਮੀਗ੍ਰੇਸ਼ਨ ਏਜੰਟ ਨੇ ਉਸ ਨਾਲ ਧੋਖਾ ਕੀਤਾ ਹੈ। ਉਸਨੇ ਕੈਨੇਡਾ ਵਿਚ ਬਤੌਰ ਅੰਤਰਰਾਸ਼ਟਰੀ ਵਿਦਿਆਰਥੀ ਆਉਣ ਲਈ ਐਜੁਕੇਸ਼ਨ ਮਾਈਗ੍ਰੇਸ਼ਨ ਸਰਵਿਸੇਜ਼ ਨਾਂ ਦੀ ਕੰਸਲਟੈਂਸੀ ਦੀਆਂ ਸੇਵਾਵਾਂ ਲਈਆਂ ਸਨ। ਉਸਦੇ ਮੁਤਾਬਕ ਉਸਨੇ ਇਸ ਕੰਪਨੀ ਦੇ ਇਮੀਗ੍ਰੇਸ਼ਨ ਏਜੰਟ ਨੂੰ ਲੱਖਾਂ ਰੁਪਏ ਦਿੱਤੇ। ਇਸ ਇਮੀਗ੍ਰੇਸ਼ਨ ਏਜੰਟ ਨੇ ਬਲਬੀਰ ਨੂੰ ਕੈਨੇਡੀਅਨ ਕਾਲਜ ਦਾ ਦਾਖ਼ਲਾ ਪੱਤਰ ਮੁਹੱਈਆ ਕਰਵਾ ਕੇ ਸਟੂਡੈਂਟ ਵੀਜ਼ਾ ਪ੍ਰਾਪਤ ਕਰਨ ਵਿਚ ਮਦਦ ਕੀਤੀ।
ਬਲਬੀਰ ਨੇ ਦੱਸਿਆ ਕਿ ਉਸ ਕੋਲ ਓਨਟੇਰਿਓ ਦੇ ਲੰਡਨ ਵਿਚ ਸਥਿਤ ਫ਼ੈਨਸ਼ੌਅ ਕਾਲਜ ਦਾ ਦਾਖ਼ਲਾ ਪੱਤਰ ਸੀ, ਪਰ ਜਦੋਂ ਉਹ ਕੈਨੇਡਾ ਪਹੁੰਚਿਆ ਤਾਂ ਉਸਦੇ ਕੰਸਲਟੈਂਟ ਨੇ ਉਸਨੂੰ ਵੈਨਕੂਵਰ ਦੇ ਲੰਗਾਰਾ ਕਾਲਜ ਜਾਣ ਨੂੰ ਕਿਹਾ। ਬਲਬੀਰ ਨੇ ਆਪਣੇ ਇਮੀਗ੍ਰੇਸ਼ਨ ਕੰਸਲਟੈਂਟ ਦੀ ਸਲਾਹ ਮੰਨੀ ਅਤੇ ਉਸ ਕਾਲਜ ਤੋਂ ਆਪਣਾ ਡਿਪਲੋਮਾ ਪੂਰਾ ਕੀਤਾ। ਪਰ ਜਦੋਂ ਬਲਬੀਰ ਨੇ ਪੀ ਆਰ ਲਈ ਅਰਜ਼ੀ ਦਿੱਤੀ ਤਾਂ ਉਸਦੀ ਅਰਜ਼ੀ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ। ਕੈਨੇਡੀਅਨ ਬਾਰਡਰ ਸਰਵਿਸੇਜ਼ ਏਜੰਸੀ ਨੇ ਉਸਨੂੰ ਦੱਸਿਆ ਕਿ ਉਸਦਾ ਦਾਖ਼ਲਾ ਪੱਤਰ ਜਾਅਲੀ ਸੀ।