ਓਨਟਾਰੀਓ ਸੂਬਾ ਸਰਕਾਰ ਵੱਲੋਂ 26 ਹੋਰ ਸ਼ਹਿਰਾਂ ਵਿਚ ਮਜ਼ਬੂਤ ਮੇਅਰ ਦੀਆਂ ਸ਼ਕਤੀਆਂ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਇਸ ਵਿਸਤਾਰ ਦਾ ਐਲਾਨ ਕਰਦਿਆਂ ਮਿਉਂਸਿਪਲ ਅਫੇਅਰਜ਼ ਐਂਡ ਹਾਊਸਿੰਗ ਮਿਨਿਸਟਰ, ਸਟੀਵ ਕਲਾਰਕ ਨੇ ਕਿਹਾ 26 ਹੋਰ ਮਿਉਂਨਿਸਪੈਲਿਟੀਜ਼ ਨੂੰ ਵੀ ਮਜ਼ਬੂਤ ਮੇਅਰ ਸ਼ਕਤੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਹ ਨਵੀਆਂ ਸ਼ਕਤੀਆਂ 1 ਜੁਲਾਈ ਤੋਂ ਲਾਗੂ ਹੋਣਗੀਆਂ।
ਇਹ ਫ਼ੈਸਲਾ ਲੋਕਲ ਸਰਕਾਰਾਂ ਨੂੰ ਘਰਾਂ ਦੇ ਨਿਰਮਾਣ ਵਿਚ ਤੇਜ਼ੀ ਲਿਆਉਣ ਦੇ ਉਦੇਸ਼ ਨਾਲ ਲਿਆ ਗਿਆ ਹੈ ਤਾਂ ਕਿ 2031 ਤੱਕ ਸੂਬੇ ਦੇ 1.5 ਮਿਲੀਅਨ ਘਰਾਂ ਦੇ ਟੀਚੇ ਨੂੰ ਪੂਰਾ ਕੀਤਾ ਜਾ ਸਕੇ।ਕਲਾਰਕ ਨੇ ਕਿਹਾ ਕਿ ਸੂਬੇ ਦੀਆਂ ਸਭ ਤੋਂ ਵੱਡੀਆਂ ਅਤੇ ਤੇਜ਼ੀ ਨਾਲ ਵਧਦੀਆਂ ਮਿਉਂਸਿਪੈਲਿਟਿਜ਼ ਨੂੰ ਇਹ ਵਧੇਰੇ ਸ਼ਕਤੀਆਂ ਦਿੱਤੀ ਜਾ ਰਹੀਆਂ ਹਨ, ਸੂਬਾ ਚਾਹੁੰਦਾ ਹੈ ਕਿ ਇਨ੍ਹਾਂ ਸ਼ਹਿਰਾਂ ਕੋਲ ਰਿਹਾਇਸ਼ੀ ਵਚਨਬੱਧਤਾਵਾਂ ‘ਤੇ ਖਰੇ ਉੱਤਰਨ ਲਈ ਲੋੜੀਂਦੇ ਟੂਲਜ਼ ਮੌਜੂਦ ਹੋਣ।
ਮਿਨਿਸਟਰ ਕਲਾਰਕ ਨੇ ਕਿਹਾ ਕਿ ਜਿਹੜੇ ਸ਼ਹਿਰਾਂ ਨੇ ਹਾਊਸਿੰਗ ਵਚਨਬੱਧਤਾਵਾਂ ਕੀਤੀਆਂ ਹਨ ਉਨ੍ਹਾਂ ਲਈ ਸ਼ਕਤੀਆਂ ਦਾ ਵਿਸਤਾਰ ਕੀਤਾ ਗਿਆ ਹੈ। ਮਜ਼ਬੂਤ ਮੇਅਰ ਪ੍ਰਣਾਲੀ ਵਿਚ ਕੌਂਸਲ ਦੀ ਬਜਾਏ ਮੇਅਰ ਕੋਲ ਆਪਣੇ ਸ਼ਹਿਰ ਦਾ ਬਜਟ ਤਿਆਰ ਕਰਨ ਅਤੇ ਪੇਸ਼ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਮੇਅਰ ਵਿਭਾਗ ਦੇ ਮੁਖੀਆਂ ਨੂੰ ਨਿਯੁਕਤ ਅਤੇ ਬਰਖ਼ਾਸਤ ਵੀ ਕਰ ਸਕਦਾ ਹੈ। ਵਿਰੋਧੀ ਧਿਰ ਐਨਡੀਪੀ ਦਾ ਕਹਿਣਾ ਹੈ ਕਿ ਫ਼ੋਰਡ ਸਰਕਾਰ ਦਾ ਫ਼ੈਸਲਾ ਚੁਣੀਆਂ ਗਈਆਂ ਸਥਾਨਕ ਲੋਕਲ ਕੌਂਸਲਾਂ ਦੇ ਅਧਿਕਾਰਾਂ ਨੂੰ ਕਮਜ਼ੋਰ ਕਰਦਾ ਹੈ।
ਸ਼ਕਤੀਆਂ ਪ੍ਰਾਪਤ ਕਰਨ ਵਾਲੇ ਸ਼ਹਿਰ- ਏਜੈਕਸ, ਬੈਰੀ, ਬ੍ਰੈਂਪਟਨ, ਬ੍ਰੈਂਨਟਰਫੋਰਡ, ਬਰਲਿੰਗਟਨ, ਕੈਲਡਨ, ਕੈਮਬ੍ਰਿਜ, ਕਲੈਰਿੰਗਟਨ, ਗੁਐਲਫ਼, ਹੈਮਿਲਟਨ, ਕਿੰਗਸਟਨ, ਕਿਚਨਰ, ਲੰਡਨ, ਮਾਰਖਮ, ਮਿਲਟਨ, ਮਿਸਿਸਾਗਾ, ਨਾਇਗਰਾ ਫ਼ੌਲਜ਼, ਓਕਵਿਲ, ਔਸ਼ਵਾ, ਪਿਕਰਿੰਗ, ਰਿਚਮੰਡ ਹਿੱਲ, ਸੇਂਟ ਕੈਥਰਿਨਜ਼, ਵੌਨ, ਵੌਟਰਲੂ, ਵਿਟਬੀ, ਵਿੰਡਸਰ ਹਨ।