ਯੌਰਕ ਰੀਜਨਲ ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਇੱਕ ਆਦਮੀ ਅਤੇ ਇੱਕ ਔਰਤ ਤੋਂ ਤਲਾਸ਼ੀ ਦੌਰਾਨ $500,000 ਦੇ ਗਹਿਣੇ ਬਰਾਮਦ ਕੀਤੇ ਹਨ। ਇਸ ਜੋੜੇ ਵੱਲੋਂ ਗ੍ਰੇਟਰ ਟੋਰਾਂਟੋ ਏਰੀਆ ਤੇ ਹੈਮਿਲਟਨ ਏਰੀਆ ਵਿੱਚ ਕਈ ਚੋਰੀਆਂ ਕੀਤੀਆਂ ਗਈਆਂ ਤੇ ਕਈ ਡਾਕੇ ਵੀ ਮਾਰੇ ਗਏ। ਇਹ ਦੋਵੇ SUV ਵਿੱਚ ਘੁੰਮਦੇ ਸਨ ਤੇ ਬਜ਼ੁਰਗਾਂ ਨੂੰ ਹੀ ਨਿਸ਼ਾਨਾ ਬਣਾਉਂਦੇ ਸਨ। ਸੈਰ ਕਰ ਰਹੇ ਬਜ਼ੁਰਗਾਂ ਨੂੰ ਗੱਲਾਂ ਵਿੱਚ ਉਲਝਾ ਕੇ ਉਨ੍ਹਾਂ ਦੇ ਗਹਿਣਿਆਂ ਨੂੰ ਸਸਤੀ ਜਿਊਲਰੀ ਨਾਲ ਬਦਲ ਦਿੰਦੇ ਸਨ।
ਕੁੱਝ ਮਾਮਲਿਆਂ ਵਿੱਚ ਇਨ੍ਹਾਂ ਵੱਲੋਂ ਲੋਕਾਂ ਤੋਂ ਗਹਿਣੇ ਖੋਹਣ ਲਈ ਤਾਕਤ ਦੀ ਵਰਤੋਂ ਵੀ ਕੀਤੀ ਗਈ। 16 ਜੂਨ ਨੂੰ ਪੁਲਿਸ ਅਧਿਕਾਰੀਆਂ ਨੇ ਸਰਚ ਵਾਰੰਟ ਕਢਵਾ ਕੇ ਇਸ ਜੋੜੇ ਕੋਲੋਂ ਘੜੀਆਂ, ਅੰਗੂਠੀਆਂ, ਗਲੇ ਦੇ ਹਾਰ, ਪੈਂਡੈਂਟਸ, ਬ੍ਰੇਸਲੇਟਸ, ਤੇ ਸਿੱਕੇ ਆਦਿ ਬਰਾਮਦ ਕੀਤੇ ਗਏ। ਹੁਣ ਇਸ ਸਮਾਨ ਦੇ ਅਸਲ ਮਾਲਕਾਂ ਨੂੰ ਭਾਲਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਤਾਂ ਕਿ ਉਨ੍ਹਾਂ ਦਾ ਸਮਾਨ ਮੋੜਿਆ ਜਾ ਸਕੇ।
ਪੁਲਿਸ ਨੇ 26 ਸਾਲ ਦੇ ਟੋਰਾਂਟੋ ਦੇ ਰਹਿਣ ਵਾਲੇ ਨਿਕੋਲੇ ਓਇਨੇਸਕੂ ਅਤੇ ਇਸੌਰਾ ਅਲੇਸੈਂਡਰੂ ਦੀ ਪਛਾਣ ਕੀਤੀ ਹੈ। ਉਨ੍ਹਾਂ ‘ਤੇ ਲੁੱਟ-ਖੋਹ, $5,000 ਦੀ ਚੋਰੀ, ਅਤੇ ਜਾਇਦਾਦ ‘ਤੇ ਕਬਜ਼ਾ ਕਰਨ ਦੇ ਦੋਸ਼ ਲਗਾਏ ਗਏ। ਯੌਰਕ ਰੀਜਨਲ ਪੁਲਿਸ ਅਫਸਰਾਂ ਨੇ ਸਰਚ ਵਾਰੰਟ ਲਾਗੂ ਕੀਤੇ ਅਤੇ $500,000 ਤੋਂ ਵੱਧ ਦੇ ਚੋਰੀ ਹੋਏ ਗਹਿਣੇ ਜ਼ਬਤ ਕੀਤੇ। ਜਾਂਚਕਰਤਾਵਾਂ ਨੇ ਜ਼ਬਤ ਕੀਤੇ ਗਏ ਗਹਿਣਿਆਂ ਦੀਆਂ ਫੋਟੋਆਂ ਵਾਲੀ ਇੱਕ ਐਲਬਮ ਸਾਂਝੀ ਕੀਤੀ ਅਤੇ ਜਨਤਾ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੇ ਹਨ ਜੇਕਰ ਇਹਨਾਂ ਵਿੱਚੋਂ ਕੋਈ ਵੀ ਉਨ੍ਹਾਂ ਦਾ ਹੈ।