ਕੈਨੇਡਾ ’ਚ ਵਧ ਰਹੀ ਮਹਿੰਗਾਈ ਨੂੰ ਕਾਬੂ ਕਰਨ ਲਈ ਵਿਆਜ ਦਰਾਂ ’ਚ ਜੇ ਇਸੇ ਤਰ੍ਹਾਂ ਵਾਧਾ ਹੁੰਦਾ ਰਿਹਾ ਤਾਂ ਕੈਨੇਡਾ ’ਚ ਹੋਮ ਲੋਨ ਰਾਹੀਂ ਮਕਾਨ ਖਰੀਦਣ ਵਾਲਿਆਂ ਦੀ ਮਾਰਟਗੇਜ (ਮਾਸਿਕ EMI) ਅਗਲੇ 3 ਸਾਲਾਂ ’ਚ 40 ਫ਼ੀਸਦੀ ਵੱਧ ਸਕਦੀ ਹੈ। ਇਸ ਨਾਲ ਉਨ੍ਹਾਂ ਦੇ ਘਰ ਦਾ ਖ਼ਰਚਾ ਚਲਾਉਣਾ ਵੀ ਮੁਸ਼ਕਲ ਹੋ ਸਕਦਾ ਹੈ।
ਮਾਹਰਾਂ ਦਾ ਮੰਨਣਾ ਹੈ ਕਿ ਇਸ ਨਾਲ ਕੈਨੇਡਾ ਦੀ ਹਾਊਸਿੰਗ ਮਾਰਕੀਟ ’ਚ ਕ੍ਰੈਸ਼ ਵੀ ਦੇਖਣ ਨੂੰ ਮਿਲ ਸਕਦਾ ਹੈ। ਮਾਹਰਾਂ ਮੁਤਾਬਕ ਕੈਨੇਡਾ ’ਚ ਆਮ ਵਿਅਕਤੀ ਦੇ ਮਕਾਨ ਦੀ ਈ. ਐੱਮ. ਆਈ. 1400 ਡਾਲਰ ਪ੍ਰਤੀ ਮਹੀਨੇ ਤੱਕ ਪੁੱਜ ਸਕਦੀ ਹੈ ਅਤੇ ਲੋਕਾਂ ਨੂੰ ਇਕ ਸਾਲ ਵਿਚ 15,000 ਡਾਲਰ ਤੋਂ ਵੱਧ ਪੈਸਾ ਈ. ਐੱਮ. ਆਈ. ਦੇ ਤੌਰ ’ਤੇ ਹੀ ਦੇਣਾ ਪਵੇਗਾ।
ਵਧ ਰਹੀਆਂ ਵਿਆਜ ਦਰਾਂ ਕਾਰਣ ਲੋਕਾਂ ਦਾ ਘਰ ਖ਼ਰੀਦਣ ਦਾ ਸੁਫਨਾ ਵੀ ਅਧੂਰਾ ਰਹਿ ਸਕਦਾ ਹੈ ਅਤੇ ਉਨ੍ਹਾਂ ਨੂੰ ਕਿਰਾਏ ਦੇ ਘਰਾਂ ’ਚ ਰਹਿ ਕੇ ਗੁਜ਼ਾਰਾ ਕਰਨਾ ਪੈ ਸਕਦਾ ਹੈ। ਅਮਰੀਕਾ ਸਮੇਤ ਕਈ ਹੋਰ ਦੇਸ਼ਾਂ ’ਚ ਹੋਮ ਲੋਨ ਆਮ ਤੌਰ ’ਤੇ 30 ਸਾਲਾਂ ਲਈ ਮਿਲਦਾ ਹੈ ਅਤੇ ਇਸ ਮਿਆਦ ਦੌਰਾਨ ਜੇ ਵਿਆਜ ਦਰਾਂ ’ਚ ਗਿਰਾਵਟ ਨਾ ਸ਼ੁਰੂ ਹੋਈ ਤਾਂ ਕੈਨੇਡਾ ’ਚ ਹਾਊਸਿੰਗ ਮਾਰਕੀਟ ’ਤੇ ਇਸ ਦਾ ਉਲਟ ਅਸਰ ਦੇਖਣ ਨੂੰ ਮਿਲੇਗਾ।