ਸਟੈਟਿਸਟਿਕਸ ਕੈਨੇਡਾ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਗੈਸੋਲੀਨ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਕਮੀ ਆਉਣ ਕਾਰਨ ਕੈਨੇਡਾ ਦੀ ਮਹਿੰਗਾਈ ਦਰ ਮਈ ਵਿੱਚ ਘਟ ਕੇ 3.4 ਫੀਸਦੀ ਹੋ ਗਈ ਹੈ। ਮਾਰਚ ਮਹੀਨੇ ਦੌਰਾਨ ਮਹਿੰਗਾਈ ਦਰ 4.3% ਸੀ ਜੋ ਕਿ ਅਪ੍ਰੈਲ ਦੌਰਾਨ ਵੱਧ ਕੇ 4.4% ‘ਤੇ ਪਹੁੰਚ ਗਈ ਸੀ । ਪੈਟਰੋਲ ਦੀਆਂ ਕੀਮਤਾਂ ‘ਚ ਗਿਰਾਵਟ ਮਹਿੰਗਾਈ ਦੇ ਘਟਣ ਦਾ ਸਭ ਤੋਂ ਵੱਡਾ ਕਾਰਨ ਹੈ।
ਜੇਕਰ ਗੈਸੋਲੀਨ ਨੂੰ ਬਾਹਰ ਕੱਢਿਆ ਜਾਂਦਾ ਹੈ, ਤਾਂ ਮਹਿੰਗਾਈ ਦਰ 4.4 ਫ਼ੀਸਦੀ ਹੋਵੇਗੀ। ਭਾਵੇਂ ਕਿ ਮਹਿੰਗਾਈ ਦਰ ਵਿੱਚ ਕਮੀ ਦਰਜ ਕੀਤੀ ਗਈ ਹੈ ਪਰ ਆਮ ਲੋੜਾਂ ਦੀਆਂ ਹੋਰ ਵਸਤਾਂ ਵਿੱਚ ਮਹਿੰਗਾਈ ਬਰਕਰਾਰ ਦੇਖਣ ਨੂੰ ਮਿਲਣ ਰਹੀ ਹੈ। ਗ੍ਰੋਸਰੀ ਦੀਆਂ ਕੀਮਤਾਂ ਲਗਭਗ ਨੌਂ ਫੀਸਦੀ ਦੀ ਰਫਤਾਰ ਨਾਲ ਵਧੀਆਂ ਹਨ। ਇਹ ਅਪ੍ਰੈਲ ਵਿੱਚ ਦਰਜ ਕੀਤੀ ਗਈ 9.1 ਪ੍ਰਤੀਸ਼ਤ ਦੀ ਰਫ਼ਤਾਰ ਨਾਲੋਂ ਬਹੁਤ ਘੱਟ ਹੈ ਪਰ ਅਜੇ ਵੀ ਮਹਿੰਗਾਈ ਦਰ ਤੋਂ ਲਗਭਗ ਤਿੰਨ ਗੁਣਾ ਹੈ।
ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਖੁਰਾਕੀ ਵਸਤਾਂ ਦੀਆਂ ਕੀਮਤਾਂ ਸਰਕਾਰੀ ਮਹਿੰਗਾਈ ਦਰ ਨਾਲੋਂ ਤੇਜ਼ ਰਫ਼ਤਾਰ ਨਾਲ ਵਧ ਰਹੀਆਂ ਹਨ। ਮੌਰਗੇਜ ਵਿਆਜ ਇੰਡੈਕਸ 29.9 ਫੀਸਦੀ ਵਧਿਆ ਹੈ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਮੌਰਗੇਜ ਮਹਿੰਗਾਈ ਦਰ ਨੂੰ ਪ੍ਰਭਾਵਿਤ ਕਰਨ ਵਾਲਾ ਸਭ ਤੋਂ ਵੱਡਾ ਕਾਰਕ ਹਨ। ਜੇਕਰ ਮੌਰਟਗੇਜ ਲਾਗਤਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ, ਤਾਂ ਕੈਨੇਡਾ ਦੀ ਮੁੱਖ ਮਹਿੰਗਾਈ ਦਰ 2.5 ਪ੍ਰਤੀਸ਼ਤ ਹੋਵੇਗੀ। ਇਹ ਅਪ੍ਰੈਲ ਦੇ 3.7 ਫੀਸਦੀ ਤੋਂ ਘੱਟ ਹੈ।