ਕੈਨੇਡੀਅਨ ਵਿਦੇਸ਼ ਮੰਤਰੀ ਮੈਲਿਨੀ ਜੌਲੀ ਵੱਲੋਂ ਕੈਨੇਡਾ ‘ਚ ਸਥਿਤ ਭਾਰਤੀ ਅਧਿਕਾਰੀਆਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਮੈਲਿਨੀ ਜੌਲੀ ਨੇ ਨੇ ਟਵੀਟ ‘ਚ ਕਿਹਾ ਕਿ ਕੈਨੇਡਾ, ਵਿਆਨਾ ਕਨਵੈਨਸ਼ਨ ਤਹਿਤ ਦੇਸ਼ ‘ਚ ਤਾਇਨਾਤ ਡਿਪਲੋਮੈਟਸ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। 8 ਜੁਲਾਈ ਦੇ ਇਸ ਪ੍ਰਦਰਸ਼ਨ ਬਾਬਤ ਸਮੱਗਰੀ ਅਸਹਿਣਯੋਗ ਹੈ ਅਤੇ ਕੈਨੇਡਾ , ਭਾਰਤੀ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ।
ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ਉੱਪਰ ਕੁਝ ਪੋਸਟਰ ਵਾਇਰਲ ਹੋ ਰਹੇ ਹਨ , ਜਿਸ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਅਤੇ ਭਾਰਤੀ ਕੌਂਸਲ ਜਨਰਲ ਸ਼੍ਰੀਮਤੀ ਅਪੂਰਵਾ ਸ਼੍ਰੀਵਾਸਤਵ ਨੂੰ ਹਰਦੀਪ ਸਿੰਘ ਨਿੱਝਰ ਦੇ ਕਾਤਲ ਗਰਦਾਨਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 8 ਜੁਲਾਈ ਨੂੰ ਖਾਲਿਸਤਾਨ ਫ਼ਰੀਡਮ ਰੈਲੀ ਦਾ ਆਯੋਜਨ ਟੋਰੌਂਟੋ ਵਿੱਚ ਹੋ ਰਿਹਾ ਹੈ ਜੋ ਕਿ ਮਾਲਟਨ ਤੋਂ ਸ਼ੁਰੂ ਹੋ ਕੇ ਟੋਰੌਂਟੋ ਸਥਿਤ ਭਾਰਤੀ ਦੂਤਾਵਾਸ ਤੱਕ ਜਾਵੇਗੀ।
ਉਕਤ ਪੋਸਟਰ ਬਾਰੇ ਸਥਾਨਕ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇਹ ਮੁੱਦਾ ਕੈਨੇਡਾ ਨਾਲ ਚੱਕਣ ਦੀ ਗੱਲ ਆਖੀ ਹੈ । ਜੈਸ਼ੰਕਰ ਨੇ ਕਿਹਾ,”ਅਸੀਂ ਯਕੀਨੀ ਤੌਰ ‘ਤੇ ਇਹ ਮੁੱਦਾ ਚੁੱਕਾਂਗੇ ਅਤੇ ਹੋ ਸਕਦਾ ਹੈ ਕਿ ਅਜਿਹਾ ਹੋ ਵੀ ਗਿਆ ਹੋਵੇ। ਅਸੀਂ ਕੈਨੇਡਾ ਸਮੇਤ ਹੋਰਨਾਂ ਮੁਲਕਾਂ ਨੂੰ ਵੀ ਖਾਲਿਸਤਾਨੀ ਗਤੀਵਿਧੀਆਂ ਨੂੰ ਸਪੇਸ ਨਾ ਦੇਣ ਦੀ ਅਪੀਲ ਕਰਦੇ ਹਾਂ।”