ਫ਼ੇਸਬੁੱਕ ਅਤੇ ਇੰਸਟਾਗ੍ਰਾਮ ਦੀ ਮਾਲਕ ਕੰਪਨੀ ਮੈਟਾ ਨੇ ਹੁਣ ਟਵਿੱਟਰ ਵਰਗਾ ਆਪਣਾ ਐਪ ‘ਥ੍ਰੈਡਜ਼’ ਲੌਂਚ ਕੀਤੀ ਹੈ। ਥ੍ਰੈਡਜ਼ ਐਪ ਇੰਸਟਾਗ੍ਰਾਮ ਅਕਾਉਂਟ ਨਾਲ ਲਿੰਕ ਹੋਵੇਗੀ ਅਤੇ ਇਸ ‘ਤੇ ਟੈਕਸਟ ਲਿਖਕੇ ਅਤੇ ਡਾਇਲੌਗਜ਼ ਰਾਹੀਂ ਗੱਲਬਾਤ ਕੀਤੀ ਜਾ ਸਕੇਗੀ। 6 ਜੁਲਾਈ ਨੂੰ ਇਹ ਐਪ ਡਾਊਨਲੋਡ ਲਈ ਉਪਲਬਧ ਹੈ। ਐਪ ਦੇ ਲੌਂਚ ਹੋਣ ਦੇ ਕੁਝ ਘੰਟਿਆਂ ਅੰਦਰ ਹੀ, ਕਈ ਮਿਲੀਅਨ ਲੋਕਾਂ ਨੇ ਇਸ ਲਈ ਸਾਈਨ-ਅਪ ਕੀਤਾ।
ਮੈਟਾ ਵੱਲੋਂ ਜਾਰੀ ਕੀਤੀਆਂ ਗਈ ਤਸਵੀਰਾਂ ਅਨੁਸਾਰ, ਥ੍ਰੈਡਜ਼ ਦਾ ਡੈਸ਼ਬੋਰਡ ਟਵਿੱਟਰ ਨਾਲ ਕਾਫੀ ਮਿਲਦਾ-ਜੁਲਦਾ ਜਿਹਾ ਲੱਗਦਾ ਹੈ। ਥ੍ਰੈਡਜ਼ ਇੱਕ ਵੱਖਰੀ ਐਪ ਹੈ ਪਰ ਉਪਭੋਗਤਾ ਆਪਣੇ ਇੰਸਟਾਗ੍ਰਾਮ ਅਕਾਊਂਟ ਨਾਲ ਇਸ ਵਿਚ ਲੌਗ-ਇਨ ਕਰ ਸਕਦੇ ਹਨ। ਇੰਸਟਾਗ੍ਰਾਮ ਵਾਲਾ ਯੂਜ਼ਰਨੇਮ ਬਰਕਰਾਰ ਵੀ ਰੱਖਿਆ ਜਾ ਸਕਦਾ ਹੈ ਅਤੇ ਉਪਭੋਗਤਾ ਆਪਣੀ ਮਰਜ਼ੀ ਨਾਲ ਇਸ ਨੂੰ ਬਦਲ ਵੀ ਸਕਦੇ ਹਨ।
ਥ੍ਰੈਡਜ਼ ਉੱਪਰ ਯੂਜ਼ਰਜ਼ ਨੂੰ 500 ਅੱਖਰਾਂ ਤੱਕ ਦੀ ਪੋਸਟ ਕਰਨ ਦੀ ਇਜਾਜ਼ਤ ਹੋਵੇਗੀ, ਜਿਸ ਵਿਚ ਲਿੰਕਸ, ਫ਼ੋਟੋ ਅਤੇ ਵੀਡੀਓ ਵੀ ਜੋੜੀਆਂ ਜਾ ਸਕਣਗੀਆਂ। ਇਸ ਤੋਂ ਇਲਾਵਾ ਯੂਜ਼ਰ ਆਪਣੇ ਦੋਸਤਾਂ ਅਤੇ ਹੋਰ ਪ੍ਰਸਿੱਧ ਸ਼ਖ਼ਸੀਅਤਾਂ ਨੂੰ ਫ਼ੌਲੋ ਕਰ ਸਕਣਗੇ, ਉਨ੍ਹਾਂ ਦੀਆਂ ਪੋਸਟਾਂ ਸ਼ੇਅਰ ਕਰ ਸਕਣਗੇ ਅਤੇ ਉਨ੍ਹਾਂ ‘ਤੇ ਜਵਾਬ ਦੇ ਸਕਣਗੇ। ਕੁਝ ਲੋਕਾਂ ਨੇ ਨੋਟ ਕੀਤਾ ਹੈ ਕਿ ਯੂਜ਼ਰ ਫ਼ਿਲਹਾਲ ਆਪਣਾ ਇੰਸਟਾਗ੍ਰਾਮ ਅਕਾਊਂਟ ਡਿਲੀਟ ਕੀਤੇ ਬਿਨਾ ਥ੍ਰੈਡਜ਼ ਅਕਾਊਂਟ ਡਿਲੀਟ ਨਹੀਂ ਕਰ ਸਕਦੇ।
ਭਾਵੇਂ ਇਹ ਐਪ ਕੈਨੇਡਾ ਵਿਚ ਡਾਊਨਲੋਡ ਲਈ ਉਪਲਬਧ ਹੈ, ਪਰ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਇਹ ਮੁਲਾਂਕਣ ਕਰ ਰਹੀ ਹੈ ਕਿ ਔਨਲਾਈਨ ਨਿਊਜ਼ ਐਕਟ, ਬਿਲ ਸੀ-18, ਕੈਨੇਡਾ ਵਿੱਚ ਉਪਭੋਗਤਾਵਾਂ ਨੂੰ ਕਿਵੇਂ ਪ੍ਰਭਾਵਤ ਕਰੇਗਾ। ਗੂਗਲ ਅਤੇ ਮੈਟਾ ਪਹਿਲਾਂ ਕਹਿ ਚੁੱਕੇ ਹਨ ਕਿ ਜੇ ਇਹ ਕਾਨੂੰਨ ਲਾਗੂ ਹੁੰਦਾ ਹੈ ਤਾਂ ਉਹ ਆਪਣੇ ਪਲੈਟਫ਼ੌਰਮਜ਼ ‘ਤੇ ਕੈਨੇਡਾ ਵਿਚ ਨਿਊਜ਼ ਆਰਟੀਕਲਾਂ ਨੂੰ ਬਲੌਕ ਕਰ ਦੇਣਗੇ।