ਅਮਰੀਕਾ ‘ਚ ਗਰੀਨ ਕਾਰਡ ਦੀ ਉਡੀਕ ਕਰ ਰਹੇ ਹਜ਼ਾਰਾਂ ਭਾਰਤੀਆਂ ਲਈ ਇੱਕ ਚੰਗੀ ਖਬਰ ਆਈ ਹੈ। ਰਾਸ਼ਟਰਪਤੀ ਦੇ ਸਲਾਹਕਾਰ ਕਮਿਸ਼ਨ ਵਲੋਂ 1972 ਤੋਂ 2012 ਦਰਮਿਆਨ ਸਾਲਾਨਾ ਕੋਟੇ ਵਿਚੋਂ ਅਣਵਰਤੇ ਰਹਿ ਗਏ 2 ਲੱਖ 30 ਹਜ਼ਾਰ ਗਰੀਨ ਕਾਰਡ ਨਵੇਂ ਸਿਰੇ ਤੋਂ ਜਾਰੀ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਰਾਸ਼ਟਰਪਤੀ ਵਲੋਂ ਸਿਫਾਰਸ਼ ਪ੍ਰਵਾਨ ਕੀਤੇ ਜਾਣ ਦੀ ਸੂਰਤ ‘ਚ ਵੱਡੀ ਗਿਣਤੀ ‘ਚ ਪਰਿਵਾਰ ਅਤੇ ਰੁਜ਼ਗਾਰ ਆਧਾਰਤ ਵੀਜ਼ੇ ਵਾਲੇ ਪਰਵਾਸੀ ਕੁਝ ਹਫਤਿਆ ਅੰਦਰ ਹੀ ਪੱਕੇ ਹੋ ਜਾਣਗੇ।
ਇਮੀਗ੍ਰੇਸ਼ਨ ਮਾਹਰਾਂ ਮੁਤਾਬਕ ਫੈਮਿਲੀ ਸਪੋਂਸਰਡ ਗਰੀਨ ਕਾਰਡ ਦੀ ਉਡੀਕ ਸੂਚੀ ਵਿੱਚ 42 ਲੱਖ ਤੋਂ ਵੱਧ ਪਰਵਾਈ ਸ਼ਾਮਲ ਹਨ ਅਤੇ ਉਡੀਕ ਦਾ ਔਸਤ ਸਮਾਂ ਨੂੰ ਸਾਲ ਤੱਕ ਪੁੱਜ ਗਿਆ ਹੈ। ਦੂਜੇ ਪਾਸੇ ਰੁਜਗਾਰ ਆਧਾਰਤ ਗਰੀਨ ਕਾਰਡ ਦਾ ਜਿਗਰ ਕੀਤਾ ਜਾਵੇ ਤਾਂ 12 ਲੱਖ ਤੋਂ ਵੱਧ ਲੋਕ ਉਡੀਕ ਸੂਚੀ ‘ਚ ਹਨ ਅਤੇ ਕਈਆਂ ਦਾ ਉਡੀਕ ਸਮਾਂ 10 ਸਾਲ ਤੋਂ ਉਪਰ ਹੈ ਜਾਂ ਕਈਆਂ ਨੂੰ ਆਪਣੇ ਜਿਉਂਦੇ ਜੀਅ ਗਰੀਨ ਕਾਰਡ ਮਿਲਣ ਦੀ ਉਮੀਦ ਹੀ ਨਹੀਂ ਰਹੀ।
ਰਾਸ਼ਟਰਪਤੀ ਦੇ ਸਲਾਹਕਾਰ ਕਮਿਸ਼ਨ ਦੇ ਮੈਂਬਰਜ਼ ਅਤੇ ਅਮਰੀਕੀ ਉਦਮੀ ਅਜੇ ਭੁਟੋਰੀਆਂ ਨੇ ਕਿਹਾ ਕਿ ਮੁਲਕਾਂ ‘ਤੇ ਆਧਾਰਤ ਕੋਟਾ ਹੋਣ ਕਾਰਨ ਵੱਡੀ ਗਿਣਤੀ ਵਿਚ ਗਰੀਨ ਕਾਰਡ ਅਣਵਰਤੇ ਰਹਿ ਗਏ ਜਿਨ੍ਹਾਂ ਨੂੰ ਮੁੜ ਵਰਤੋਂ ‘ਚ ਲਿਆ ਕੇ ਕਈ ਸਾਲ ਤੋਂ ਗਰੀਨ ਕਾਰਡ ਦੀ ਉਡੀਕ ਵਿੱਚ ਬੈਠੇ ਪਵਾਸੀਆਂ ਨੂੰ ਲਾਭ ਪਹੁੰਚਾਇਆ ਜਾ ਸਕਦਾ ਹੈ। ਸਲਾਹਕਾਰ ਵੱਲੋਂ 21 ਸਾਲ ਦੀ ਉਮਰ ਟੱਪ ਰਹੇ ਬੱਚਿਆਂ ਦੇ ਮਾਮਲੇ ‘ਚ ਗਰੀਨ ਕਾਰਡ ਦੀਆਂ ਅਰਜ਼ੀਆਂ ਪ੍ਰੋਸੈਸਿੰਗ ਬਾਰੇ ਵੀ ਅਮਰੀਕਾ ਸਰਕਾਰ ਨੂੰ ਸਿਫਾਰਸ਼ ਕੀਤੀ ਗਈ ਜਿਸ ਮਗਰੋਂ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਉਮਰ ਦੀ ਗਿਣਤੀ ਮਿਣਤੀ ਵਾਲੀ ਨੀਤੀ ਹੀ ਬਦਲ ਦਿੱਤੀ ਗਈ। ਨਵੀਂ ਨੀਤੀ ਰਾਹੀਂ 21 ਸਾਲ ਦੀ ਉਮਰ ਤੋਂ ਟੱਪ ਰਹੇ ਬੱਚਿਆਂ ਨੂੰ ਅਮਰੀਕਾ ਛੱਡ ਕੇ ਜਾਣਾ ਨਹੀਂ ਪਵੇਗਾ।